Close

Awareness camp organized by PAU-Farm Consultancy Service Center regarding water conservation

Publish Date : 31/01/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪੀ ਏ ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਾਣੀ ਦੀ ਸਾਂਭ-ਸੰਭਾਲ ਸੰਬੰਧੀ ਲਗਾਇਆ ਜਾਗਰੁਕਤਾ ਕੈਂਪ

ਤਰਨ ਤਾਰਨ 30 ਜਨਵਰੀ

ਪੀ ਏ ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਮਿਤੀ 31 ਜਨਵਰੀ ਨੂੰ ਪਾਣੀ ਦੀ ਸਾਂਭ-ਸੰਭਾਲ ਸਬੰਧੀ ਜਾਗਰੁਕਤਾ ਕੈਂਪ ਨੌਸ਼ਹਿਰਾ ਪੰਨੂਆ ਵਿਖੇ ਲਗਾਇਆ ਗਿਆ, ਜਿਸ ਵਿਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਡਾ. ਪਰਵਿੰਦਰ ਸਿੰਘ, ਇੰਚਾਰਜ ਨੇ ਆਏ ਹੋਏ ਸਾਇੰਸਦਾਨਾਂ, ਕਿਸਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

 ਉਹਨਾਂ ਨੇ ਸਬਜ਼ੀਆਂ  ਵਿਚ ਪਾਣੀ ਬਚਾਉਣ ਦੀਆਂ ਤਕਨੀਕਾਂ ਅਤੇ ਗਰਮੀਆਂ ਦੀਆਂ ਸਬਜ਼ੀਆਂ ਦੀ ਘਰੇਲੂ ਅਤੇ ਵਪਾਰਕ ਪੱਧਰ ਤੇ ਕਾਸ਼ਤ ਕਰਨ ਬਾਰੇ ਨੁਕਤੇ ਸਾਂਝੇ ਕੀਤੇ । ਡਾ. ਮਾਲਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ, ਨੌਸ਼ਹਿਰਾ ਪੰਨੂਆ ਨੇ ਆਏ ਹੋਏ ਕਿਸਾਨਾਂ ਨੂੰ ਮਹਿਕਮੇ ਵੱਲੋ ਜ਼ਿਲ੍ਹੇ ਵਿੱਚ ਚੱਲ ਰਹੀਆਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸਕੀਮਾਂ ਅਤੇ ਬਲਾਕ ਪੱਧਰ ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ।

 ਡਾ. ਨਵਜੋਤ ਸਿੰਘ ਬਰਾੜ, ਫ਼ਸਲ ਵਿਗਿਆਨੀ, ਕੇ ਵੀ ਕੇ, ਬੂਹ ਤਰਨ ਤਾਰਨ ਨੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦੇ ਨੁਕਤੇ ਅਤੇ ਉਸ ਵਿੱਚ ਪਾਣੀ ਦੀ ਸੁਚੱਜੀ ਵਰਤੋਂ, ਖਾਦ ਪ੍ਰਬੰਧ ਅਤੇ ਨਦੀਨ ਪ੍ਰਬੰਧ  ਬਾਰੇ ਜਾਣਕਾਰੀ ਦਿੱਤੀ । ਡਾ. ਪਰਮਿੰਦਰ ਕੌਰ, ਸੀਨੀਅਰ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਕਣਕ, ਸਰ੍ਹੋਂ ਅਤੇ ਆਲੂਆਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ: ਸਵਰੀਤ ਖਹਿਰਾ, ਜ਼ਿਲ੍ਹਾ ਪਸਾਰ ਮਾਹਿਰ (ਫ਼ਲ) ਨੇ ਸਰਦੀਆਂ ਦੇ ਮੌਸਮ ਦੌਰਾਨ ਫ਼ਲਾਂ ਦੇ ਬੂਟਿਆਂ ਦੀ ਦੇਖਭਾਲ ਅਤੇ ਫ਼ਲਦਾਰ ਬੂਟੇ ਲਗਾਉਣ ਬਾਰੇ ਦੱਸਿਆ ।

 ਡਾ: ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਇਸ ਸਮੇਂ ਫ਼ਸਲਾਂ ਦੀ ਕਾਸ਼ਤ ਬਾਰੇ ਖਾਸ ਤੌਰ ਤੇ ਕਣਕ, ਸਰ੍ਹੋਂ ਅਤੇ ਹੋਰ ਹਾੜੀ ਦੀਆਂ ਫ਼ਸਲਾਂ ਬਾਰੇ ਨਦੀਨ ਪ੍ਰਬੰਧ ਅਤੇ ਖਾਦ ਪ੍ਰਬੰਧ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਡਾ. ਅਨਿਲ ਕੁਮਾਰ, ਭੂਮੀ ਵਿਗਿਆਨੀ, ਕੇ. ਵੀ. ਕੇ. ਬੂਹ ਨੇ ਮਿੱਟੀ ਪਰਖ ਅਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਕਿਸਾਨਾ ਨੂੰ ਜਾਗਰੁਕ ਕੀਤਾ । ਇਸ ਮੌਕੇ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ, ਇਨਾਮ ਜੇਤੂ ਕਿਸਾਨਾਂ, ਪੀ ਏ ਯੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਡੇਅਰੀ ਪਸ਼ੂਆਂ ਲਈ ਧਾਤਾਂ ਦਾ ਸੰਪੂਰਨ ਮਿਸ਼ਰਨ ਅਤੇ ਹਾੜ੍ਹੀ ਦੀਆਂ ਦੀ ਸਬਜੀਆਂ ਦੀਆਂ ਕਿੱਟਾ ਵੀ ਉਪਲੱਬਧ ਕਰਵਾਈਆਂ ਗਈਆਂ ।