Awareness camp organized in village Gandiwind to prevent burning of paddy stubble

ਪਿੰਡ ਗੰਡੀਵਿੰਡ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ
ਤਰਨ ਤਾਰਨ, 21 ਅਗਸਤ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ ਏ ਐਸ ਦੀ ਰਹਿਨੁਮਾਈ ਹੇਠ ਡਾ. ਜਸਵਿੰਦਰ ਸਿੰਘ ਜਿਲਾ ਸਿਖਲਾਈ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਗੰਡੀਵਿੰਡ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਇਸ ਮੌਕੇ ਮਨਪ੍ਰੀਤ ਸਿੰਘ ਏ ਟੀ ਐਮ ਨੇ ਕਿਸਾਨਾਂ ਨੂੰ ਜਿਪਸਮ ਅਤੇ ਪੀ ਐਮ ਕਿਸਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ ਉਹਨਾਂ ਨੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਅਤੇ ਖੇਤੀ ਮਸੀਨਰੀ ਤੇ ਸਬਸਿਡੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਤੇ ਇਸ ਦੇ ਨਾਲ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ, ਇਸ ਦੇ ਜ਼ਹਿਰੀਲੇ ਧੂੰਏ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਤੇ ਵਾਤਾਵਰਨ ਪਲੀਤ ਹੁੰਦਾ ਹੈ ।
ਇਸ ਮੌਕੇ ਡਾ ਗੁਰਿੰਦਰਜੀਤ ਸਿੰਘ ਬਲਾਕ ਖੇਤਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਝੋਨੇ ਨੂੰ ਫੋਕ ਤੋਂ ਬਚਾਉਣ ਲਈ ਤੇਰਾਂ ਜ਼ੀਰੋ ਪੰਤਾਲੀ ਦਾ ਤਿੰਨ ਕਿਲੋ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਦੀ ਕਰਨ ਦਾ ਸੁਝਾਅ ਦਿੱਤਾ। ਇਸ ਦੇ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਵਾਹੁਣ ਲਈ ਕਿਹਾ, ਤਾਂ ਜੋ ਮਿੱਟੀ ਵਿਚਲੇ ਜਰੂਰੀ ਤੱਤਾਂ ਦਾ ਨੁਕਸਾਨ ਨਾ ਹੋਵੇ।
ਉਹਨਾਂ ਕਿਹਾ ਕਿ ਇੱਕ ਏਕੜ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੀ ਆਕਸੀਜਨ ਬਰਬਾਦ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਮਿੱਟੀ ਪਰਖ ਕਾਰਡ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਤਾਂ ਜ਼ੋ ਬੇਲੋੜੇ ਖਰਚਿਆ ਤੋਂ ਬਚਿਆ ਜਾ ਸਕੇ। ਇਸ ਮੌਕੇ ਸ਼੍ਰੀ ਵਿਜੈ ਸਿੰਘ ਏ ਟੀ ਐਮ ਨੇ ਇਸ ਕੈਂਪ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ । ਇਸ ਕੈਂਪ ਵਿੱਚ ਤਕਰੀਬਨ 40 ਕਿਸਾਨਾਂ ਨੇ ਭਾਗ ਲਿਆ, ਇਸ ਮੌਕੇ ਅਗਾਂਹ ਵਧੂ ਕਿਸਾਨ ਸ੍ਰੀ ਜਸਕਰਨ ਸਿੰਘ ਸ੍ਰੀ ਜਜਬੀਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਕਿਸਾਨ ਯੂਨੀਅਨ ਦੇ ਆਗੂ, ਸ੍ਰੀ ਤਤਿੰਦਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਨਵਦੀਪ ਸਿੰਘ, ਸ੍ਰੀ ਗੁਰਜੀਤ ਸਿੰਘ ਢਿੱਲੋਂ ਹਨੀ ਫਾਰਮ, ਸ੍ਰੀ ਸਰਬਜੀਤ ਸਿੰਘ, ਸ੍ਰੀ ਕੇਵਲ ਸਿੰਘ ਆਦਿ ਕਿਸਾਨ ਹਾਜ਼ਰ ਸਨ।