Awareness camp organized on prevention of fruit fly in vegetables
Publish Date : 24/06/2025
ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ
ਤਰਨ ਤਾਰਨ, 23 ਜੂਨ:
ਸਬਜ਼ੀਆਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵਲੋਂ ਅੱਜ ਪਿੰਡ ਚੱਕ ਕਰੇ ਖਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਮੁੱਖ ਉਦੇਸ਼ ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ। ਡਾ. ਪਰਵਿੰਦਰ ਸਿੰਘ, ਇੰਚਾਰਜ਼, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਪਹੁੰਚੇ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਉਹਨਾਂ ਨੇ ਵੱਖ-ਵੱਖ ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜੇ ਸਹੀ ਸਮੇਂ ਫ਼ਲ ਦੀ ਤੁੜਾਈ ਕਰ ਲਈ ਜਾਵੇ ਤਾਂ ਇਹ ਫ਼ਲ ਦੀ ਮੱਖੀ ਦੀ ਉਤਪੱਤੀ ਨੂੰ ਘਟਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ ।
ਡਾ. ਪਰਮਿੰਦਰ ਕੌਰ ਸਹਿਜਪਾਲ, ਪੌਦਾ ਰੋਗ ਮਾਹਿਰ ਨੇ ਫ਼ਲ ਦੀ ਮੱਖੀ ਦੀ ਸਮੇਂ ਸਿਰ ਪਛਾਣ ਅਤੇ ਇਸ ਦੇ ਸੰਯੁਕਤ ਕੀਟ ਪ੍ਰਬੰਧ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ । ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਫਰੂਟ ਫਲਾਈ ਟਰੈਪ ਇੱਕ ਵਾਤਾਵਰਨ ਸਹਾਈ ਤਕਨੀਕ ਹੈ ਅਤੇ ਇਸਨੂੰ ਸਮੇਂ ਸਿਰ ਅਪਨਾਉਣਾ ਚਾਹੀਦਾ ਹੈ ।
ਡਾ. ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਚੰਗੀਆਂ ਖੇਤੀ ਤਕਨੀਕਾਂ ਅਪਣਾਉਣ ਬਾਰੇ ਜ਼ੋਰ ਦਿੱਤਾ ਜਿਵੇਂ ਫਸਲੀ ਚੱਕਰ, ਖੇਤ ਦੀ ਸਫਾਈ ਆਦਿ ਜੋ ਕਿ ਫ਼ਲ ਦੀ ਮੱਖੀ ਦੀ ਰੋਕਥਾਮ ਵਿੱਚ ਸਹਾਈ ਹੋ ਸਕਦੀਆਂ ਹਨ । ਕਿਸਾਨਾਂ ਨੂੰ ਰਸਾਇਣ- ਰਹਿਤ, ਘੱਟ ਖਰਚ ਵਾਲੇ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਸਬਜ਼ੀ ਵਿੱਚ ਕੀਟਨਾਸ਼ਕਾਂ ਦੇ ਅੰਸ਼ ਘਟ ਸਕਣ ।
ਕਿਸਾਨਾਂ ਵਲੋਂ ਝੋਨੇ/ਬਾਸਮਤੀ, ਫ਼ਲ ਅਤੇ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬੀਮਾਰੀਆਂ ਸਬੰਧੀ ਕਈ ਸਵਾਲ ਪੁੱਛੇ ਗਏ। ਅਖੀਰ ਵਿੱਚ ਕਿਸਾਨਾਂ ਨੂੰ ਫਰੂਟ ਫਲਾਈ ਟਰੈਪ ਮੁਹੱਈਆ ਕਰਵਾਏ ਗਏ।