Close

Awareness campaign against Covid-19 epidemic under “Mission Fateh” will be effectively implemented in the district: Deputy Commissioner

Publish Date : 11/06/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ” ਤਹਿਤ ਕੋਵਿਡ-19 ਮਹਾਂਮਾਰੀ ਵਿਰੁੱਧ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਨੂੰ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ
“ਮਿਸ਼ਨ ਫ਼ਤਿਹ” ਪੰਜਾਬ ਦੇ ਲੋਕਾਂ ਦੀ ਮੁਸ਼ਕਿਲ ਭਰੀ ਸਥਿਤੀ ’ਚ ਮਹਾਂਮਾਰੀ ਨੂੰ ਹਰਾਉਣ ਦੀ ਸਾਂਝੀ ਕੋਸ਼ਿਸ਼
ਸਮੂਹ ਵਿਭਾਗ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ
ਤਰਨ ਤਾਰਨ, 10 ਜੂਨ :
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ “ਮਿਸ਼ਨ ਫਤਿਹ” ਤਹਿਤ ਕੋਵਿਡ-19 ਮਹਾਂਮਾਰੀ ਵਿਰੁੱਧ ਆਮ ਲੋਕਾਂ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਨੂੰ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਇਸ ਮੌਕੇ ਵਧਕਿ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕਿਹਾ ਕਿ “ਮਿਸ਼ਨ ਫ਼ਤਿਹ” ਪੰਜਾਬ ਦੇ ਲੋਕਾਂ ਦੀ ਮੁਸ਼ਕਿਲ ਭਰੀ ਸਥਿਤੀ ’ਚ ਮਹਾਂਮਾਰੀ ਨੂੰ ਹਰਾਉਣ ਦੀ ਸਾਂਝੀ ਕੋਸ਼ਿਸ਼ ਹੈ।ਇਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਮਿਸ਼ਨ ਹੋਵੇਗਾ।ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਚੱਲਣ ਵਾਲੀ ਇਸ ਮੁਹਿੰਮ ਤਹਿਤ, ਰਾਜ ਸਰਕਾਰ ਲੋਕਾਂ ’ਚ ਸਮੂਹਿਕ ਤੌਰ ’ਤੇ ਵੱਖ-ਵੱਖ ਸਾਵਧਾਨੀਆਂ ਜਿਵੇ ਕਿ ਮਾਸਕ ਪਹਿਨਣਾ, ਹੱਥਾਂ ਨੂੰ ਧੋਣਾ, ਸਮਾਜਿਕ ਫ਼ਾਸਲਾ ਬਣਾ ਕੇ ਰੱਖਣਾ, ਬਜ਼ੁਰਗਾਂ ਦਾ ਖਿਆਲ ਰੱਖਣਾ, ਆਪਣੇ ਆਲੇ-ਦੁਆਲੇ ਬਾਹਰ ਤੋਂ ਆਏ ਵਿਅਕਤੀ ਪ੍ਰਤੀ ਚੇਤੰਨ ਰਹਿਣਾ, ਕੋਵਾ ਐਪ (ਸਮਾਰਟ ਫ਼ੋਨਾਂ ਰਾਹੀਂ) ਦੀ ਮੱਦਦ ਰਾਹੀਂ ਕੋਵਿਡ ਪੀੜਤਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਤੋਂ ਸੁਰੱਖਿਅਤ ਫ਼ਾਸਲਾ ਬਣਾ ਕੇ ਰੱਖਣਾ, ਘਰ ’ਚ ਇਕਾਂਤਵਾਸ ਦੀ ਮਹੱਤਤਾ, ਫ਼ਲੂ ਦੇ ਲੱਛਣ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ, ਲਾੱਕਡਾਊਨ 5.0 ਦੌਰਾਨ ਪਾਬੰਦੀਆਂ ਅਤੇ ਉਲੰਘਣਾ ’ਤੇ ਸਜ਼ਾ/ਜੁਰਮਾਨਾ, ਮਹਾਂਮਾਰੀ ਨਾਲ ਸਾਂਝੇ ਤੌਰ ’ਤੇ ਲੜਨ ਲਈ ਲੋਕਾਂ ਦੀ ਲਾਮਬੰਦੀ, ਇਸ ਗੱਲ ਨੂੰ ਸਮਝਾਉਣਾ ਕਿ ਬਿਮਾਰੀ ਦਾ ਹਮਲਾ ਖਤਮ ਨਹੀਂ ਹੋਇਆ ਸਗੋਂ ਸਥਿਤੀ ਹੋਰ ਖਤਰੇ ਵਾਲੀ ਬਣ ਗਈ ਹੈ, ਬਾਰੇ ਜਾਗਰੂਕਤਾ ਪੈਦਾ ਕਰੇਗੀ।
ਉਨ੍ਹਾਂ ਕਿਹਾ ਕਿ ਸਮੂਹ ਐੱਨ. ਜੀ. ਓਜ਼, ਸਮਾਜ-ਸੇਵੀ ਸੰਸਥਾਂਵਾਂ ਅਤੇ ਸਮਾਜਿਕ ਸੰਗਠਨਾਂ ਨੂੰ ਆਪੋ-ਆਪਣੇ ਇਲਾਕਿਆਂ ’ਚ ਅਜਿਹੀਆਂ ਮੁਹਿੰਮਾਂ ਚਲਾਉਣ ਲਈ ਬੇਨਤੀ ਕੀਤੀ ਜਾਵੇਗੀ। ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਖੁਦ ਸਾਵਧਾਨੀਆਂ ਦੀ ਪਾਲਣਾ ਦੀ ਮਿਸਾਲ ਬਣਦੇ ਹੋਏ, ਆਪਣੇ ਆਲੇ-ਦੁਆਲੇ ਹੋਣ ਵਾਲੀ ਉਲੰਘਣਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਣ। ਜ਼ਿਲ੍ਹਾ ਪ੍ਰਸ਼ਾਸਨ ਇਸ ਮੁਹਿੰਮ ਦੀ ਸਫ਼ਲਤਾ ਵਿੱਚ ਲੋਕਾਂ ਅਤੇ ਸਰਕਾਰ ਵਿਚਾਲੇ ਕੜੀ ਬਣ ਕੇ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਜਾਗਰੂਕ ‘ਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਕੇ ਅਹਿਮ ਜ਼ਿੰਮੇਂਵਾਰੀ ਨਿਭਾਵੇਗਾ।
ਉਹਨਾਂ ਕਿਹਾ ਕਿ ਸਮੂਹ ਵਿਭਾਗ ਇਕੱਠੇ ਹੋ ਕੇ ਅਤੇ ਇਕਸਾਰਤਾ ’ਚ ਕੰਮ ਕਰ ਕੇ ਸੂਬੇ ’ਚ ਹਾਂ-ਪੱਖੀ ਮਾਹੌਲ ਬਣਾ ਕੇ ਅਤੇ ਲੋਕਾਂ ਦਾ ਸਹਿਯੋਗ ਲੈ ਕੇ ਇਸ ਮਿਸ਼ਨ ਨੂੰ ਕਾਮਯਾਬ ਕਰ ਸਕਦੇ ਹਨ। ਕੇਵਲ ਏਨਾ ਕਹਿਣ ਨਾਲ ਕਿ ਬਿਮਾਰੀ ਦੇ ਖ਼ਿਲਾਫ਼ ਜੰਗ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ, ਤੱਕ ਸੀਮਿਤ ਰਹਿਣ ਦੀ ਬਜਾਏ ਲੋਕਾਂ ’ਚ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ ਨਾਲ ਹੀ ਸਰਕਾਰ ਆਪਣੇ ਬਿਮਾਰੀ ਨੂੰ ਹਰਾਉਣ ਦੇ ਮੰਤਵ ’ਚ ਸਫ਼ਲ ਹੋ ਸਕਦੀ ਹੈ। ਇਸ ਲਈ ਹਰੇਕ ਨਾਗਰਿਕ ਦੀ ਆਪਣੇ ਪਰਿਵਾਰ, ਆਂਢ-ਗੁਆਂਢ ਅਤੇ ਰਾਸ਼ਟਰ ਪ੍ਰਤੀ ਇਹ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਉਹ ਹਰ ਸਮੇਂ ਚੇਤੰਨ ਰਹੇ।
ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਅਨੁਸਾਰ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ।
————–