• Social Media Links
  • Site Map
  • Accessibility Links
  • English
Close

Banned hybrid varieties of paddy and Pusa 44 should not be cultivated – Pannu

Publish Date : 12/06/2025

ਝੋਨੇ ਦੀਆਂ ਪਾਬੰਦੀਸੁਦਾ ਹਾਈਬ੍ਰਿਡ ਕਿਸਮਾਂ ਅਤੇ ਪੂਸਾ 44 ਨਾ ਕੀਤੀ ਜਾਵੇ ਕਾਸ਼ਤ-ਪੰਨੂ

ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ-ਡਾ: ਨਵਤੇਜ ਸਿੰਘ

ਖਡੂਰ ਸਾਹਿਬ, 10 ਜੂਨ

ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਸ਼ ਤੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ, ਭੰਡਾਰਨ ਅਤੇ ਲਵਾਈ ਕਰਨ ਤੇ ਲਗਾਈ ਪਾਬੰਦੀ ਨੂੰ ਲਾਗੂ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਵਿਸ਼ੇਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ  ਡਾ ਤੇਜਪਾਲ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਦੱਸਿਆ ਕਿ ਪਾਣੀ ਕੁਦਰਤ ਵਲੋਂ ਬਖਸ਼ੀ ਅਜਿਹੀ ਬੇਸ਼ਕੀਮਤੀ ਸੌਗਾਤ ਹੈ, ਜਿਸ ਦੇ ਬਗੈਰ ਕਿਸੇ ਵੀ ਜੀਵ ਦਾ ਜੀਵਤ ਰਹਿਣਾ ਮੁਸਕਲ ਹੋ ਜਾਂਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਖੇਤੀ ਕਰਨ ਨਾਲ ਜਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਗਿਰਾਵਟ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪੱਕਣ ਵਿੱਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44 ਕਿਸਮਾਂ ਦੀ ਲਵਾਈ ਕਰਨ ‘ਤੇ ਪਾਬੰਦੀ ਲਗਾਈ ਹੈ।

ਉਨਾਂ ਦੱਸਿਆ ਕਿ ਇਨਾਂ ਕਿਸਮਾਂ ਤੋਂ ਇਲਾਵਾ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਬਿਜਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ, ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਨਾਂ ਪਾਬੰਦੀਸੁਦਾ ਕਿਸਮਾਂ ਦੀ ਵਿਕਰੀ ਰੋਕਣ ਲਈ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕਿਸੇ ਵੀ ਬੀਜ ਵਿਕਰੇਤਾ ਵਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਨਹੀਂ ਵੇਚੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਚਾਹੀਦਾ ਹੈ, ਕਿ ਉਹ ਭਵਿੱਖ ਵਿਚ ਪੇਸ ਆਉਣ ਵਾਲੀਆਂ ਸੰਭਾਵਤ ਮੁਸਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਕਿਸਮਾਂ ਦੀ ਲਵਾਈ ਨਾ ਕਰਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਇਨ੍ਹਾਂ ਕਿਸਮਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪਾਬੰਦੀਸ਼ੁਦਾ ਕਿਸਮਾਂ ਦੀ ਲਵਾਈ ਬਿਲਕੁਲ ਨਾ ਕਰਨ ਤਾਂ ਜੋ ਮੰਡੀਆਂ ਵਿਚ ਝੋਨੇ ਦੇ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਮੁਸਕਲ ਪੇਸ ਨਾ ਆਵੇ। ਮੁੱਖ ਖੇਤੀਬਾੜੀ ਅਫਸਰ ਡਾ: ਨਵਤੇਜ ਸਿੰਘ ਨੇ ਦੱਸਿਆ ਕਿ ਇਨਾਂ ਪਾਬੰਦੀਸ਼ੁਦਾ ਕਿਸਮਾਂ ਤੋਂ ਪਰਾਲੀ ਵੱਧ ਪੈਦਾ ਹੁੰਦੀ ਹੈ ਅਤੇ ਕਿਸਾਨਾਂ ਵਲੋਂ ਆਮ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਦੀ ਬਿਜਾਏ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਹਵਾ ਦਾ ਪ੍ਰਦੂਸਣ ਵੱਧ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਹਾਈਬ੍ਰਿਡ ਕਿਸਮਾਂ ਦੀ ਮੰਡੀਕਰਨ ਵਿੱਚ ਆਉਂਦੀ ਸਮੱਸਿਆ ਤੋਂ ਇਲਾਵਾ ਇਹ ਕਿਸਮਾਂ ਡਿੱਗਦੀਆਂ ਬਹੁਤ ਹਨ, ਕਾਲਾ ਤੇਲਾ ਅਤੇ ਝੂਠੀ ਕਾਂਗਿਆਰੀ ਵੀ ਵਧੇਰੇ ਲਗਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੇ ਗਲਤੀ ਨਾਲ ਇਨਾਂ ਪਾਬੰਦੀ ਸੁਦਾ ਕਿਸਮਾਂ ਦੀ ਪਨੀਰੀ ਦੀ ਬਿਜਾਈ ਕੀਤੀ ਹੈ, ਤਾਂ ਉਸ ਦੀ ਲਵਾਈ ਬਿਲਕੁੱਲ ਨਾ ਕਰਨ।  ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਨੇ ਕਿਹਾ ਕਿ ਪੀ. ਆਰ. 126 ਦੀ ਪਨੀਰੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ 15 ਜੁਲਾਈ ਤੋਂ ਪਹਿਲਾਂ ਤੱਕ ਲਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਪੀ.ਆਰ. 126, 130,131 ਅਤੇ 132 ਕਿਸਮਾਂ ਦੀ ਲਵਾਈ ਕਰਨ ਦੀ ਅਪੀਲ ਕੀਤੀ।

ਉਨਾਂ ਕਿਹਾ ਕਿ ਇਹ ਕਿਸਮਾਂ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹਨ। ਉਨ੍ਹਾ ਕਿਹਾ ਕਿ ਇਸ ਵਾਰ ਸੈਲਰ ਮਾਲਕਾਂ ਨੇ ਵੀ ਕਿਹਾ ਹੈ, ਕਿ ਪੀ.ਆਰ. 126 ਝੋਨੇ ਦੀ ਕਿਸਮ ਤੋਂ ਕੋਈ ਦਿੱਕਤ ਨਹੀਂ ਹੈ ਅਤੇ ਇਸ ਕਿਸਮ ਦੀ ਖ਼ਰੀਦ ਆਮ ਕਿਸਮਾਂ ਵਾਂਗ ਹੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸਤਨਾਮ ਸਿੰਘ, ਸਿਮਰਨਜੀਤ ਸਿੰਘ ਖੇਤੀਬਾੜੀ ਉੱਪ ਨਿਰੀਖਕ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ,ਗੁਰਪ੍ਰਤਾਪ ਸਿੰਘ, ਕਰਮ ਸਿੰਘ ਬਲਵਿੰਦਰ ਸਿੰਘ ਹਾਜ਼ਰ ਸਨ ।