Cabinet Minister Shri. Laljit Singh Bhullar himself reached by boat to bring out the families trapped in the river safely
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਦਰਿਆ ਵਿੱਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਪ ਕਿਸ਼ਤੀ ਰਾਹੀਂ ਪਹੁੰਚੇ
ਪਿੰਡ ਘੜੁੰਮ ਤੇ ਬਸਤੀ ਲਾਲਸਿੰਘ ਦੇ 6 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਕੈਬਨਿਟ ਮੰਤਰੀ ਦੇਰ ਰਾਤ ਤੋਂ ਹੀ ਹਰੀਕੇ ਹੈੱਡਵਰਕਸ ਅਤੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਲਗਾਤਾਰ ਲੈ ਰਹੇ ਹਨ ਪਾਣੀ ਦੇ ਪੱਧਰ ਦਾ ਜਾਇਜ਼ਾ
ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਨੂੰ ਰਾਹਤ ਪੁਹੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਯਤਨਸ਼ੀਲ-ਡਿਪਟੀ ਕਮਿਸ਼ਨਰ
ਤਰਨ ਤਾਰਨ, 11 ਜੁਲਾਈ :
ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਹਲਕਾ ਪੱਟੀ ਵਿੱਚ ਪਿਛਲ਼ੇ ਦੋ ਦਿਨਾਂ ਤੋਂ ਪਾਣੀ ਦੀ ਭਿਆਨਕ ਮਾਰ ਹੇਠ ਆਏ ਦਰਿਆ ਸਤਲੁਜ ਦੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ ਆਪ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ, ਉੱਥੇ ਅੱਜ ਉਹ ਆਪ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਣੀ ਵਿੱਚ ਫਸੇ ਪਰਿਵਾਰਾਂ ਨੂੰ ਬਾਹਰ ਕੱਢਣ ਲਈ ਉਹਨਾਂ ਤੱਕ ਪਹੁੰਚੇ ਅਤੇ ਪਿੰਡ ਘੜੁੰਮ ਤੇ ਬਸਤੀ ਲਾਲਸਿੰਘ ਦੇ 6 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਤੇ ਐੱਸ. ਐੱਸ. ਪੀ. ਤਰਨਤਾਰਨ ਸ੍ਰੀ ਗੁਰਮੀਤ ਸਿੰਘ ਚੌਹਾਨ ਵੀ ਉਹਨਾਂ ਦੇ ਨਾਲ ਸਨ।
ਕੈਬਨਿਟ ਮੰਤਰੀ ਦੇਰ ਰਾਤ ਤੋਂ ਹੀ ਹਰੀਕੇ ਹੈੱਡਵਰਕਸ ਅਤੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਲਗਾਤਾਰ ਪਾਣੀ ਦੇ ਪੱਧਰ ਦਾ ਜਾਇਜ਼ਾ ਲੈ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਜਾ ਸਕੇ।
ਇਸ ਤੋਂ ਪਹਿਲਾ ਸਵੇਰੇ ਧੁੱਸੀ ਬੰਨ੍ਹ ਨੂੰ ਢਾਹ ਲੱਗਣ ਦਾ ਪਤਾ ਲੱਗਣ ‘ਤੇ ਤੁਰੰਤ ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਮੌਕੇ ‘ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਦੇ ਸਹਿਯੋਗ ਸਕਦਾ ਇਹ ਬੰਨ੍ਹ ਟੁੱਟਣ ਤੋਂ ਬਚਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਿਲ ਦੀ ਇਸ ਘੜੀ ਵਿੱਚੋਂ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦ੍ਰਿੜ ਸੰਕਲਪ ਹੈ ਅਤੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਨੂੰ ਰਾਹਤ ਪੁਹੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉੁਹਨਾਂ ਕਿਹਾ ਲੋਕਾਂ ਦੇ ਠਹਿਰਣ ਲਈ 07 ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਉਹਨਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਰਾਹਤ ਕੈਂਪਾਂ ਵਿੱਚ ਲੋਕਾਂ ਲਈ ਖਾਣ-ਪੀਣ ਅਤੇ ਦਵਾਈਆਂ ਆਦਿ ਉਪਲੱਬਧ ਹਨ ਅਤੇ ਡਾਕਟਰੀ ਸਹਾਇਤਾ ਲਈ ਮੈਡੀਕਲ ਟੀਮਾਂ ਦੀ ਡਿਊਟੀ ਲਗਾਈ ਗਈ ਹੈ।