Casting vote and using it without any greed or influence is our constitutional right and social responsibility-District Election Officer
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵੋਟ ਬਣਵਾਉਣਾ ਤੇ ਉਸ ਦਾ ਬਿਨਾਂ ਕਿਸੇ ਲਾਲਚ ਜਾਂ ਪ੍ਰਭਾਵ ਤੋਂ ਇਸਤੇਮਾਲ ਕਰਨਾ ਸਾਡਾ ਸੰਵਿਧਾਨਕ ਹੱਕ ਤੇ ਸਮਾਜਿਕ ਜਿੰਮੇਵਾਰੀ-ਜ਼ਿਲ੍ਹਾ ਚੋਣ ਅਫ਼ਸਰ
ਸਮੂਹ ਨਾਗਰਿਕਾਂ ਨੂੰ ਬਿਨ੍ਹਾ ਕਿਸੇ ਲਾਲਚ ਜਾਂ ਪ੍ਰਭਾਵ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਦਿਵਾਇਆ ਪ੍ਰਣ
ਨੈਸ਼ਨਲ ਵੋਟਰ ਦਿਵਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਤਰਨ ਤਾਰਨ, 25 ਜਨਵਰੀ:
ਵੋਟ ਬਣਵਾਉਣਾ ਅਤੇ ਉਸ ਦਾ ਬਿਨਾਂ ਕਿਸੇ ਲਾਲਚ ਜਾਂ ਪ੍ਰਭਾਵ ਤੋਂ ਇਸਤੇਮਾਲ ਕਰਨਾ, ਜਿੱਥੇ ਸਾਡਾ ਸੰਵਿਧਾਨਕ ਹੱਕ ਹੈ, ੳੱੁਥੇ ਹੀ ਵੋਟ ਦਾ ਸਹੀ ਇਸਤੇਮਾਲ ਸਾਡੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ। ਇਸ ਲਈ ਸਾਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ 14ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੰਵਿਧਾਨਕ ਹੱਕ, ਵੋਟ ਪਾਉਣ ਦੀ ਇਮਾਨਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਸੁਫਨਿਆਂ ਦੀ ਸਰਕਾਰ ਬਣਾਈ ਜਾ ਸਕੇ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਅਕਸਰ ਸਾਡੀ ਨੌਜਵਾਨ ਪੀੜ੍ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਅਵੇਸਲੀ ਹੋ ਜਾਂਦੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ । ਉਨ੍ਹਾਂ ਕਿਹਾ ਕਿ ਨੌਜਵਾਨ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਨੂੰ ਆਪਣੀ ਵੋਟ ਬਣਵਾ ਕੇ ਉਸ ਦਾ ਸਹੀ ਇਸਤੇਮਾਲ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਜਰੂਰ ਨਿਭਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜਬੂਤ ਲੋਕਤੰਤਰ ਪ੍ਰਣਾਲੀ ਸੌਂਪੀ ਜਾ ਸਕੇ।
ਉਨ੍ਹਾਂ ਕਿਹਾ ਕਿ ਤਕਨਾਲੌਜੀ ਦੇ ਵਿਕਾਸ ਨਾਲ ਚੋਣ ਪ੍ਰਕ੍ਰਿਆ ਪਹਿਲਾਂ ਨਾਲੋਂ ਬਹੁਤ ਪਾਰਦਰਸ਼ੀ ਹੋਈ ਹੈ ਕਿਉਂਕਿ ਈ.ਵੀ.ਐਮ. ਮਸ਼ੀਨ ਉਹ ਯੰਤਰ ਹੈ, ਜਿਸ ਨਾਲ ਵੋਟਾਂ ਪਾਉਣ ਦਾ ਕੰਮ ਪੂਰਨ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਦਾ ਹੈ।
ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਵੋਟਰਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵ ਤੋਂ ਆਪਣੀ ਵੋਟ ਦੇ ਇਸਤੇਮਾਲ ਦੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ। ਇਸ ਮੌਕੇ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਐਪਿਕ ਕਾਰਡ ਵੀ ਵੰਡੇ ਗਏ।
ਇਸ ਮੌਕੇ 18-19 ਸਾਲ ਦੇ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਐਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ ਅਤੇ ਵੋਟਾਂ ਬਣਾਉਣ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੀ. ਐੱਲ. ਓਜ਼ ਅਤੇ ਨੋਡਲ ਅਫ਼ਸਰ ਸਵੀਪ ਪ੍ਰਿੰਸੀਪਲ ਨਵਨੀਤ ਵਾਲੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਤਰਨ ਤਾਰਨ, ਚੋਣ ਤਹਿਸੀਲਦਾਰ ਸ਼ੁਸ਼ੀਲ ਕੁਮਾਰ, ਚੋਣ ਕਾਨੂੰਗੋ ਸੁਖਕੰਵਰਪਾਲ ਸਿੰਘ ਤੇ ਦਿਲਬਾਗ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।