• Social Media Links
  • Site Map
  • Accessibility Links
  • English
Close

Ceremony in the memory of Shaheed Naik Lal Singh of Saragarhi at Village Dhun – Dimpa, Lalpura, Deputy Commissioner and other dignitaries paid tribute.

Publish Date : 12/09/2022
ਸਾਰਾਗੜ੍ਹੀ ਦੇ ਸ਼ਹੀਦ ਨਾਇਕ ਲਾਲ ਸਿੰਘ ਦੀ ਯਾਦ ਵਿਚ ਪਿੰਡ ਧੁੰਨ ਵਿਖੇ ਸਮਾਗਮ 
 -ਡਿੰਪਾ, ਲਾਲਪੁਰਾ, ਡਿਪਟੀ ਕਮਿਸ਼ਨਰ ਸਮੇਤ ਹੋਰ ਸਖਸ਼ੀਅਤਾਂ ਵੱਲੋਂ ਸਰਧਾਂਜਲੀ 
 
ਤਰਨਤਾਰਨ, 11 ਸਤੰਬਰ (        )-ਦੁਨੀਆਂ ਦੇ ਇਤਿਹਾਸ ਦੀ ਮਹਾਨ ਜੰਗ, ਜੋ ਕਿ ਸਾਰਾਗੜ੍ਹੀ ਦੀ ਲੜਾਈ ਕਰਕੇ ਜਾਣੀ ਜਾਂਦੀ ਹੈ, ਵਿਚ ਸ਼ਹੀਦ ਹੋਏ ਮਾਝੇ ਦੇ ਇਕਲੌਤੇ ਸ਼ਹੀਦ ਨਾਇਕ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਜ਼ੱਦੀ ਪਿੰਡ ਧੁੰਨ ਢਾਏ ਵਾਲਾ ਵਿਖੇ ਬੜੇ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮਗਰੋਂ ਲੋਕ ਸਭਾ ਮੈਂਬਰ ਸ ਜਸਬੀਰ ਸਿੰਘ ਡਿੰਪਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਜਾਵੇਗੀ। ਇਸ ਉਪਰੰਤ ਸ ਡਿੰਪਾ, ਵਿਧਾਇਕ ਸ ਮਨਜਿੰਦਰ ਸਿੰਘ ਲਾਲਪੁਰਾ,  ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਮੋਨੀਸ਼ ਕੁਮਾਰ, ਬਿ੍ਗੇਡੀਅਰ ਸਤਿੰਦਰ ਜੀਤ ਸਿੰਘ, ਡਾ ਗੁਰਿੰਦਰਪਾਲ ਸਿੰਘ ਜੋਸਨ, ਡੀ ਐਸ ਪੀ ਕੰਵਲਜੀਤ ਸਿੰਘ, ਕਰਨਲ ਰੁਪਿੰਦਰ ਸਿੰਘ ਅਤੇ 
 ਭਾਰਤੀ ਫੌਜ ਦੇ ਸੇਵਾ ਮੁੱਕਤ ਅਧਿਕਾਰੀ ਤੇ ਇਲਾਕੇ ਦੀ ਸੰਗਤ ਵੱਲੋਂ ਨਾਇਕ ਲਾਲ ਸਿੰਘ ਨੂੰ ਸ਼ਰਧਾ ਭੇਟ ਕੀਤੀ ਗਈ। ਸ ਡਿੰਪਾ ਨੇ ਇਸ ਮੌਕੇ ਬੋਲਦੇ ਕਿਹਾ ਕਿ ਨਾਇਕ ਲਾਲ ਸਿੰਘ, ਸਾਰਾਗੜ੍ਹੀ ਦੇ ਕਿਲੇ ਜੋ ਕਿ ਪਾਕਿਸਤਾਨ ਵਿਚ ਸਥਿਤ ਹੈ, ਵਿਚ ਲੜਾਈ ਵੇਲੇ ‘ਸੈਕਿੰਡ ਇਨ ਕਮਾਂਡ ’ ਸਨ ਅਤੇ ਉਹ 7 ਘੰਟੇ ਤੋਂ ਵੱਧ ਸਮਾਂ ਦੁਸਮਣਾਂ ਨਾਲ ਲੋਹਾ ਲੈਂਦੇ ਰਹੇ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਜੋ ਕਿ 12 ਸਤੰਬਰ 1897 ਨੂੰ ਪਾਕਿਸਤਾਨ ਦੇ ਉਤਰ ਪੱਛਮ ਸਰਹੱਦੀ ਖੇਤਰ ਕੋਹਾਟ ਜਿਲ੍ਹੇ ਵਿਚ ਹੋਈ ਸੀ, ਇਸ ਵਰ੍ਹੇ 125ਵੀ ਵਰੇਗੰਢ ਹੈ, ਜਿਸ ਨੂੰ ਯਾਦ ਰੱਖਣਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਜਰੂਰੀ ਹੈ, ਕਿਉਂਕਿ ਕੌਮਾਂ ਦਾ ਇਤਹਾਸ ਹੀ ਸਰਮਾਇਆ ਹੁੰਦਾ ਹੈ। 
ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਕਿਹਾ ਕਿ ਇਹ ਦੁਨੀਆਂ ਦੀ ਅਸਾਂਵੀਆਂ ਜੰਗਾਂ ਵਿਚੋਂ ਇਕ ਮੰਨੀ ਜਾਂਦੀ ਹੈ, ਕਿਉਂਕਿ ਇਕ ਪਾਸੇ ਕੇਵਲ 21 ਸਿੱਖ ਜਵਾਨ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਸਨ ਅਤੇ ਦੂਸਰੇ ਪਾਸੇ 10 ਹਜ਼ਾਰ ਦੇ ਕਰੀਬ ਅਫਗਾਨੀ ਹਮਲਾਵਰ। ਸਿੱਖ ਫੌਜੀਆਂ ਨੂੰ ਕਿਸੇ ਬਾਹਰੀ ਮਦਦ ਦੀ ਆਸ ਨਹੀਂ ਸੀ, ਪਰ ਫਿਰ ਵੀ ਉਨਾਂ ਦੁਸ਼ਮਣ ਅੱਗੇ ਹੱਥ ਖੜ੍ਹੇ ਕਰਨ ਨਾਲੋਂ ਆਖਰੀ ਦਮ ਤੱਕ ਲੜਾਈ ਲੜੀ। ਇਸ ਜੰਗ ਵਿਚ ਜਿੱਥੇ 21 ਸਿੱਖ ਜਵਾਨ ਅਤੇ ਇਕ ਦਾਦ, ਜੋ ਕਿ ਫੌਜੀਆਂ ਦੀ ਸਹਾਇਤਾ ਕਰ ਰਿਹਾ ਸੀ, ਸ਼ਹੀਦ ਹੋਏ, ਉਥੇ 200 ਦੇ ਕਰੀਬ ਅਫਗਾਨੀ ਮਾਰੇ ਗਏ ਤੇ 600 ਤੋਂ ਵੱਧ ਅਫਗਾਨੀ ਜ਼ਖਮੀ ਹੋਏ। ਮਹਾਰਾਣੀ ਵਿਕਟੋਰੀਆ ਨੇ ਇਨਾਂ ਸਾਰੇ 21 ਜਵਾਨਾਂ ਨੂੰ ਉਸ ਵੇੇਲੇ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ‘ਇੰਡੀਅਨ ਆਰਡਰ ਆਫ ਮੈਰਿਟ’, ਜੋ ਕਿ ਅੱਜ ਪਰਮਵੀਰ ਚੱਕਰ ਦੇ ਬਰਾਬਰ ਹੈ, ਦਿੱਤਾ। ਇਸ ਮੌਕੇ ਸ ਗੁਰਬਚਨ ਸਿੰਘ ਕਰਮੂੰਵਾਲਾ, ਸ ਹਰਪ੍ਰੀਤ ਸਿੰਘ ਭੱਟੀ, ਸ ਦਿਲਰਾਜ ਸਿੰਘ, ਸੂਬੇਦਾਰ ਸਤਿੰਦਰ ਸਿੰਘ, ਸੁਬੇਗ ਸਿੰਘ ਧੁੰਨ, ਸ ਚਰਨਜੀਤ ਸਿੰਘ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। 
। ਫੋਟੋ ਨਾਲ ਹਨ।