Chief Minister advises shopkeepers to provide masks free of cost on purchase of sweets and Rakhri at Rakhri festival-Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੁੱਖ ਮੰਤਰੀ ਵੱਲੋਂ ਦੁਕਾਨਦਾਰਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਮਠਿਆਈਆਂ ਤੇ ਰੱਖੜੀਆਂ ਖ਼ਰੀਦਣ ਮੌਕੇ ਮਾਸਕ ਮੁਫ਼ਤ ਦੇਣ ਦੀ ਸਲਾਹ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਸਮੂਹ ਮਠਿਆਈ ਵਿਕਰੇਤਾਵਾਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀਆਂ ਦੀ ਖਰੀਦ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਵੰਡੇ ਜਾਣ ਦੀ ਕੀਤੀ ਅਪੀਲ
ਤਰਨ ਤਾਰਨ, 29 ਜੁਲਾਈ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮਠਿਆਈਆਂ ਵੇਚਣ ਵਾਲਿਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸ ਤੋਂ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਸੂਬੇ ਵਿੱਚ ਐਤਵਾਰ ਨੂੰ ਲਾੱਕਡਾਊਨ ਲਾਗੂ ਹੋਣ ਦੇ ਬਾਵਜੂਦ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ 2 ਅਗਸਤ ਨੂੰ ਹਲਵਾਈਆਂ ਦੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਹੋਵੇਗੀ ਅਤੇ ਅੱਜ ਇਸ ਐਲਾਨ ਤੋਂ ਚਾਰ ਦਿਨ ਬਾਅਦ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਮਠਿਆਈ ਵਿਕਰੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ‘ਤੇ ਗਾਹਕਾਂ ਵੱਲੋਂ ਮਠਿਆਈ ਖਰੀਦਣ ਮੌਕੇ ਇਕ ਜੋੜਾ ਮਾਸਕ ਦਾ ਮੁਫ਼ਤ ਦੇਣ ਤਾਂ ਜੋ ਲੋਕਾਂ ਵਿੱਚ ਮਾਸਕ ਦੀ ਵਰਤੋਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕੀਤਾ ਜਾ ਸਕੇ।ਉਹਨਾਂ ਹੋਰ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ ਰੱਖੜੀਆਂ ਦੀ ਖਰੀਦ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਵੰਡੇ ਜਾਣ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸਿਹਤ ਵਿਭਾਗ ਨੂੰ ਬੱਸ ਅੱਡਿਆਂ ਅਤੇ ਹੋਰ ਅਜਿਹੀਆਂ ਜਨਤਕ ਥਾਵਾਂ ’ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਰਾਸ਼ਨ ਕਿੱਟਾਂ ਦੇਣ ਮੌਕੇ ਮੁਫ਼ਤ ਮਾਸਕ ਵੀ ਵੰਡੇ ਜਾ ਰਹੇ ਹਨ।
————