Close

Cinema Hall, gym and swimming pool were closed till further orders, Sports activity, conferences, cultural events, fairs and exhibitions should also be postponed.

Publish Date : 15/03/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
-ਕੋਰੋਨਾ ਵਾਇਰਸ ਰੋਕਥਾਮ ਤੇ ਸਾਵਧਾਨੀ-
ਸਿਨੇਮਾ ਹਾਲ, ਜਿੰਮ ਤੇ ਸਵਿਮਿੰਗ ਪੂਲ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼
ਖੇਡ ਮੁਕਾਬਲੇ, ਕਾਨਫਰੰਸਾਂ, ਸਭਿਆਚਾਰਕ ਪ੍ਰੋਗਰਾਮ, ਮੇਲੇ ਤੇ ਪ੍ਰਦਰਸ਼ਨੀਆਂ ਵੀ ਮੁਲਤਵੀ ਰੱਖੀਆਂ ਜਾਣ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐੱਸ. ਡੀ. ਐਮਜ਼ ਨੂੰ ਹੁਕਮਾਂ ਦੀ ਪਾਲਣਾ ਕਰਵਾਉਣ ਦੀ ਹਦਾਇਤ
ਤਰਨ ਤਾਰਨ, 15 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ, ਨਿਯੰਤਰਣ ਅਤੇ ਸਾਵਧਾਨੀ ਹਿੱਤ ਰਾਜ ਦੇ ਸਿਨੇਮਾ ਹਾਲ, ਜਿੰਮ ਤੇ ਸਵਿਮਿੰਗ ਪੂਲ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਦਿੱਤੇ ਆਦੇਸ਼ਾਂ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਇੰਨ-ਬਿੰਨ ਲਾਗੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਅਗਲੇ ਦਿਨਾਂ ’ਚ ਜ਼ਿਲ੍ਹੇ ਹੋਣ ਵਾਲੇ ਖੇਡ ਮੁਕਾਬਲੇ, ਕਾਨਫਰੰਸਾਂ, ਸੱਭਿਆਚਾਰਕ ਪ੍ਰੋਗਰਾਮ, ਮੇਲੇ ਤੇ ਪ੍ਰਦਰਸ਼ਨੀਆਂ ਵੀ ਮੁਲਤਵੀ ਰੱਖੀਆਂ ਜਾਣ।
ਜ਼ਿਲ੍ਹੇ ਦੇ ਸਮੂਹ ਐੱਸ. ਡੀ. ਐਮਜ਼ ਨੂੰ ਆਪੋ-ਆਪਣੀ ਸਬ ਡਵੀਜ਼ਨ ’ਚ ਇਨ੍ਹਾਂ ਸਮੁੱਚੇ ਅਦਾਰਿਆਂ ਨੂੰ ਬੰਦ ਰੱਖਣ ਦੇ ਪਾਬੰਦ ਕਰਦਿਆਂ, ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ 14 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋਏ ਇਨ੍ਹਾਂ ਹੁਕਮਾਂ ਦੀ ਜ਼ਮੀਨੀ ਪੱਧਰ ਤੱਕ ਪਾਲਣਾ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਤਰਨ ਤਾਰਨ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਪੱਟੀ ’ਚ ਇਨ੍ਹਾਂ ਹੁਕਮਾਂ ਤਹਿਤ ਜਿੱਥੇ-ਜਿੱਥੇ ਸਿਨੇਮਾ ਹਾਲ ਸਥਿਤ ਹਨ, ਉਨ੍ਹਾਂ ’ਚ ਅਗਲੇ ਸ਼ੋਅ ਅਣਮਿੱਥੇ ਸਮੇਂ ਤੱਕ ਰੱਦ ਕਰਵਾਉਣ, ਸ਼ਹਿਰਾਂ ਤੇ ਪਿੰਡਾਂ ’ਚ ਸਥਿਤ ਨਿੱਜੀ ਤੇ ਪੰਚਾਇਤੀ ਜਿੰਮਾਂ ਅਤੇ ਜੇਕਰ ਕੋਈ ਸਵਿਮਿੰਗ ਪੂਲ ਹੈ ਤਾਂ ਉਨ੍ਹਾਂ ਦੇ ਅਪਰੇਸ਼ਨ (ਕਾਰਜਸ਼ੀਲਤਾ)  ਨੂੰ ਤੁਰੰਤ ਬੰਦ ਕਰਵਾਉਣ ਲਈ ਹਦਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ’ਤੇ ਅਮਲ ਕਰਨ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਤਾਂ ਵੀ ਇਹਤਿਆਤ ਦੇ ਤੌਰ ’ਤੇ ਬੁਖਾਰ, ਖਾਂਸੀ, ਸਾਹ ਲੈਣ ’ਚ ਤਕਲੀਫ਼, ਥਕਾਵਟ ਅਤੇ ਸਿਰ ਦਰਦ ਆਦਿ ਦੇ ਲੱਛਣ ਹੋਣ ’ਤੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਸਾਵਧਾਨੀ ਦੇ ਤੌਰ ’ਤੇ ਲੋਕਾਂ ਨੂੰ ਅਜਿਹੇ ਕੋਈ ਵੀ ਲੱਛਣ ਵਾਲੇ ਮਰੀਜ਼ ਨਾਲ ਹੱਥ ਮਿਲਾਉਣ, ਗਲੇ ਮਿਲਣ ਤੋਂ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਆਪਣੇ ਹੱਥਾਂ ਨੂੰ  ਦਿਨ ’ਚ ਕਈ ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਜਾਂ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਵਰਤਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਸਬੰਧੀ ਕਿਸੇ ਵੀ ਸ਼ੱਕੀ ਮਰੀਜ਼ ਦੇ ਲਈ ਹਸਪਤਾਲਾਂ ’ਚ ਵੱਖਰੇ ਵਾਰਡ ਬਣਾਏ ਗਏ ਹਨ।
ਉਨ੍ਹਾਂ ਜ਼ਿਲ੍ਹੇ ’ਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲਾਂ ’ਚੋਂ ਆਪਣਾ ਇਹਤਿਆਤੀ ਚੈਕ-ਅੱਪ ਕਰਵਾਉਣ ਅਤੇ ਸਿਹਤ ਵਿਭਾਗ ਦੀ ਸਲਾਹ ਅਨੁਸਾਰ 14 ਦਿਨ ਘਰ ’ਚ ਹੀ ਰਹਿਣ ਦੀ ਅਪੀਲ ਵੀ ਕੀਤੀ।    
————-