Close

Commencement of school level competitions dedicated to the 400th birth centenary of Shri Guru Tegh Bahadur Ji

Publish Date : 06/05/2021
DEO

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਕੂਲ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ
ਅਜਾਦੀ ਦੇ 75 ਸਾਲਾ ਸਮਾਗਮਾਂ ਤਹਿਤ ਸਕੂਲ ਪੱਧਰ ਤੇ ਕਰਵਾਏ ਜਾਣਗੇ ਵਿਦਿਅਕ ਮੁਕਾਬਲੇ
ਤਰਨਤਾਰਨ, 7 ਮਈ :
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਤੇ ਜਗਤਾਰ ਸਿੰਘ ਡਾਇਰੈਕਟਰ ਸਟੇਟ ਕਾਊਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਦੀ ਦੇਖ ਰੇਖ ਹੇਠ ਚਾਰ ਵੱਖ ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਛੇਵੀ ਤੋਂ ਅੱਠਵੀ ਤੱਕ ਇਕ ਗਰੁੱਪ ਅਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਦੂਸਰੇ ਗਰੁੱਪ ਦੇ ਵਿਦਿਅਕ ਮੁਕਾਬਲੇ ਕੋੋਵਿਡ-19 ਦੇ ਚਲਦਿਆਂ ਆਨਲਾਈਨ ਕਰਵਾਏ ਜਾਣਗੇ ਅਤੇ ਸਕੂਲ ਖੁੱਲਣ ਦੀ ਹਾਲਤ ਵਿੱਚ ਇਹ ਮੁਕਾਬਲੇ ਆੱਫ਼ਲਾਈਨ ਹੋਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਤਰਨਤਾਰਨ ਅਤੇ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਤਰਨਤਾਰਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਕੂਲ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੇ ਪਹਿਲੀ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ, ਬਲਾਕ ਪੱਧਰ ਮੁਕਾਬਲੇ ਵਿੱਚ ਭਾਗ ਲੈਣਗੇ ਅਤੇ ਬਲਾਕ ਪੱਧਰੀ ਮੁਕਾਬਲੇ ਤੋਂ ਬਾਅਦ ਜ਼ਿਲ਼੍ਹਾ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾਉਣਗੇ।
ਉਨ੍ਹਾਂ ਦੱਸਿਆ ਕਿ ਇੰਨਾਂ ਮੁਕਾਬਲਿਆਂ ਵਿੱਚ ਸਾਰੇ ਸਕੂਲਾਂ ਵਲੋਂ ਭਾਗ ਲੈਣਾ ਜ਼ਰੂਰੀ ਹੈ, ਇਸ ਸੰਬੰਧੀ ਬਲਾਕ ਪੱਧਰ ਤੇ ਪ੍ਰਿੰਸੀਪਲ ਸਹਿਬਾਨ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਸਕੂਲ ਮੁਖੀਆਂ ਨਾਲ ਤਾਲਮੇਲ ਕਰਕੇ ਇੰਨ੍ਹਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਗੇ। ਇੰਨਾਂ ਮੁਕਾਬਲਿਆਂ ਦੀ ਰੂਪਰੇਖਾ ਬਾਰੇ ਦੱਸਦਿਆਂ ਜ਼ਿਲ੍ਹਾ ਨੋਡਲ ਅਫਸਰ, ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਸਕੂਲ ਪੱਧਰ ਤੇ ਲੇਖ ਲਿਖਣ ਮੁਕਾਬਲੇ 31 ਮਈ ਤੱਕ ਕਰਵਾਏ ਜਾਣਗੇ ਜਦਕਿ ਕਵਿਤਾ ਉਚਾਰਣ ਮੁਕਾਬਲੇ 1 ਜੂਨ ਤੋਂ 30 ਜੂਨ ਤੱਕ, ਸਲੋਗਣ ਲਿਖਣ ਮੁਕਾਬਲੇ 1 ਜੁਲਾਈ ਤੋਂ 31 ਜੁਲਾਈ ਤੱਕ ਅਤੇ ਭਾਸ਼ਣ ਮੁਕਾਬਲੇ 1 ਅਗਸਤ ਤੋਂ 31 ਅਗਸਤ ਤੱਕ ਕਰਵਾਏ ਜਾਣਗੇ।
ਪੰਜਾਬ ਸਰਕਾਰ ਦੇ ਅਜ਼ਾਦੀ ਦੇ 75 ਸਾਲਾ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਵੀ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਤਰਨਤਾਰਨ ਅਤੇ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਤਰਨਤਾਰਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਦੇਸ਼ ਦੀ ਅਜਾਦੀ ਦੇ 75 ਸਾਲਾ ਸਮਾਗਮਾਂ ਤਹਿਤ ਸਿੱਖਿਆ ਵਿਭਾਗ ਵਲੋਂ ਸਕੂਲ਼ ਪੱਧਰ ਤੋਂ ਲੈ ਕੇ ਸੂਬਾਈ ਪੱਧਰੀ ਪਹਿਲੀ ਤੋਂ ਬਾਰਵੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ 11 ਵੱਖ ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ। ਜਿਸ ਸੰਬੰਧੀ ਵਿਸਥਾਰ ਵਿੱਚ ਦੱਸਦਿਆਂ ਜ਼ਿਲ੍ਹਾ ਨੋਡਲ ਅਫਸਰ (ਸ), ਸ਼੍ਰੀ ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਦੇਸ਼ ਦੀ ਅਜਾਦੀ ਸੰਗਰਾਮ ਨੂੰ ਲੈ ਕੇ 10 ਮਈ ਤੱਕ ਸਕੂਲ ਪੱਧਰੀ ਭਾਸ਼ਣ ਮੁਕਾਬਲੇ ਆਯੋਜਿਤ ਹੋਣਗੇ ਜਦਕਿ 11 ਮਈ ਤੋਂ 20 ਮਈ ਤੱਕ ਬਲਾਕ, 21 ਮਈ ਤੋਂ 31 ਮਈ ਤੱਕ ਤਹਿਸੀਲ, 2 ਤੋਂ 5 ਅਗਸਤ ਤੱਕ ਜ਼ਿਲ੍ਹਾ ਪੱਧਰੀ ਅਤੇ 12 ਅਗਸਤ ਤੋਂ 15 ਅਗਸਤ ਤੱਕ ਸੂਬਾ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਕੂਲ ਪੱਧਰ ਤੋਂ ਲੈ ਕੇ ਸੂਬਾ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਵਿਭਾਗਾਂ ਵਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਤਰਨਤਾਰਨ ਨੇ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਵਿਚਲੀਆਂ ਗਤੀਵਿਧੀਆਂ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਸਿਖ਼ਰਲੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਪ੍ਰਸੰਸਾ ਪੋਸਟਰ ਵੀ ਤਿਆਰ ਕੀਤੇ ਜਾਣਗੇ।