Close

Deputy Commissioner, Additional Deputy Commissioner, SP Head Quarters and S.D.M’s visits fields , stringent action against straw burners

Publish Date : 05/11/2019
Dc
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐੱਸ. ਪੀ. ਹੈੱਡ ਕੁਆਟਰ ਅਤੇ ਐੱਸ. ਡੀ. ਐੱਮਜ਼ ਵੱਲੋਂ  ਖੇਤਾਂ ਦਾ ਦੌਰਾ, ਪਰਾਲੀ ਸਾੜਨ ਵਾਲਿਆਂ ਵਿਰੁੱਧ ਕੀਤੀ ਸਖਤ ਕਾਰਵਾਈ
ਜ਼ਿਲਾ ਤਰਨ ਤਾਰਨ ਵਿੱਚ ਪਰਾਲੀ ਸਾੜਨ ਵਾਲੇ 52 ਲੋਕਾਂ ਖਿਲਾਫ ਐਫ. ਆਈ. ਆਰ. ਦਰਜ ਅਤੇ 36 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਪਰਾਲੀ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ
ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਕੇਸ ਸਾਹਮਣੇ ਆਉਣ ‘ਤੇ ਪਿੰਡ ਦੇ ਸਰਪੰਚ ਵਿਰੁੱਧ ਵੀ ਕੀਤੀ ਜਾਵੇਗੀ ਸਖਤ ਕਾਰਵਾਈ 
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਮੁੜ ਅਪੀਲ 
ਤਰਨ ਤਾਰਨ, 5 ਨਵੰਬਰ
ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ, ਐਸ. ਪੀ. ਹੈੱਡ ਕੁਆਟਰ ਸ੍ਰੀ ਗੌਰਵ ਤੂਰਾ, ਐੱਸ. ਡੀ. ਐੱਮ.  ਤਰਨ ਤਾਰਨ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ ਅਤੇ ਐੱਸ. ਡੀ. ਐੱਮ. ਡਾ. ਅਮਿਤ ਮਹਾਜਨ ਨੇ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂਵਾਂ ‘ਤੇ ਜਾ ਕੇ ਖੇਤਾਂ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਹੜੇ ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਗਾਈ ਪਾਈ ਗਈ ਉਨਾਂ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਵੀ ਕੀਤਾ ਗਿਆ।
ਬਾਕਸ ਲਈ ਪ੍ਰਸਤਾਵਿਤ
ਜ਼ਿਲੇ ਵਿਚ ਹੁਣ ਤੱਕ ਪਰਾਲੀ ਨੰੁ ਅੱਗ ਲਗਾਉਣ ਦੇ 52 ਕੇਸਾਂ ਵਿੱਚ ਐਫ. ਆਈ. ਆਰ. ਦਰਜ, 36 ਵਿਅਕਤੀ ਗ੍ਰਿਫ਼ਤਾਰ
ਸੁਪਰੀਮ ਕੋਰਟ ਦੇ ਸ਼ਖਤ ਹੁਕਮਾਂ ਤੋਂ ਬਾਅਦ ਜ਼ਿਲਾ ਤਰਨ ਤਾਰਨ ਵਿੱਚ ਪਰਾਲੀ ਸਾੜਨ ਵਾਲੇ 52 ਲੋਕਾਂ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਸਾੜਨ ਵਾਲਿਆਂ ਖਿਲਾਫ਼ 6 ਲੱਖ 88 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 473 ਕੇਸਾਂ ਵਿੱਚ ਰੈੱਡ ਐਂਟਰੀ ਕਰਨ ਦੀ ਹਦਾਇਤ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਿਨ੍ਹਾਂ ਸੁਪਰ ਐੱਸ.ਐੱਮ. ਐੱਸ. ਦੇ ਕੰਬਾਇਨ ਚਲਾਉਣ ਦੇ 3 ਕੇਸਾਂ ਵਿੱਚ ਸਖਤ ਕਾਰਵਾਈ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਰਕਾਰ ਦਾ ਉਦੇਸ਼ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਕਰਨਾ ਨਹੀਂ ਹੈ, ਪਰ ਪ੍ਰਦੁਸ਼ਣ ਪੂਰੀ ਮਨੁੱਖਤਾ ਲਈ ਘਾਤਕ ਹੈ। ਇਸ ਲਈ ਪ੍ਰਦੂਸ਼ਣ ਘੱਟ ਕਰਨ ਵਿਚ ਹਰ ਇਕ ਨਾਗਰਿਕ ਨੂੰ ਯੋਗਦਾਨ ਕਰਨਾ ਚਾਹੀਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਜਮੀਨ ਵਿਚ ਹੀ ਦਬਾ ਦੇਣ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਸਹਾਇਤਾਂ ਲਈ ਹਰੇਕ ਪਿੰਡ ਵਿਚ ਨੋਡਲ ਅਫ਼ਸਰ ਲਗਾਇਆ ਗਿਆ ਹੈ, ਜਿਸ ਕੋਲ ਇਲਾਕੇ ਵਿਚ ਉਪਲਬੱਧ ਮਸ਼ੀਨਾਂ ਦੀ ਸੂਚੀ ਹੈ। ਕਿਸਾਨ ਉਕਤ ਨੋਡਲ ਅਫ਼ਸਰ ਰਾਹੀਂ ਮਸ਼ੀਨਾਂ ਕਿਰਾਏ ਤੇ ਕਿੱਥੋਂ ਮਿਲ ਸਕਦੀ ਹੈ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਸ ਲਈ ਸਾਨੂੰ ਗੁਰੂ ਜੀਆਂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਸਾਡੇ ਵਾਤਾਵਰਣ  ਨੂੰ ਗੰਦਾ ਨਹੀਂ ਕਰਨਾ ਚਾਹੀਦਾ।
ਬਾਕਸ ਲਈ ਪ੍ਰਸਤਾਵਿਤ
ਡਿਊਟੀ ਮੈਜਿਸਟਰੇਟ ਕਰ ਸਕਣਗੇ ਚਲਾਨ
ਇਸ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਆਈ. ਏ. ਐੱਸ. ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲੇ ਵਿਚ ਤਾਇਨਾਤ ਕੀਤੇ 30 ਡਿਊਟੀ ਮੈਜਿਸਟਰੇਟ ਨੂੰ ਪਰਾਲੀ ਸਾੜਨ ਵਾਲੇ ਲੋਕਾਂ ਦੇ ਚਲਾਨ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਪਹਿਲਾਂ ਇਹ ਕੰਮ ਐਸ. ਡੀ. ਓ. ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਕਲੇ ਤੌਰ ‘ਤੇ ਕੀਤਾ ਜਾਂਦਾ ਸੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਇੱਕ ਪਿੰਡ ਵਿੱਚ ਸਰਪੰਚ ਨੂੰ ਵੀ ਪਰਾਲੀ ਨੂੰ ਅੱਗ ਲੱਗਣ ਵਿੱਚ ਜਵਾਹਦੇਹ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਜਿਸ ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਕੇਸ ਸਾਹਮਣੇ ਆਵੇਗਾ, ਉਸ ਪਿੰਡ ਦੇ ਸਰਪੰਚ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਵਢੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਸਖ਼ਤੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਹਰ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਰੋਕਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।   
———–