Deputy Commissioner appeals to district residents to be aware of Pakistan’s false propaganda and maintain restraint
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪਾਕਿਸਤਾਨ ਦੇ ਝੂਠੇ ਪ੍ਰਾਪੇਗੰਡੇ ਤੋਂ ਸੁਚੇਤ ਰਹਿਣ ਤੇ ਸੰਯਮ ਬਣਾਕੇ ਰੱਖਣ ਦੀ ਅਪੀਲ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧਿਕਾਰਤ ਸੂਚਨਾ ‘ਤੇ ਹੀ ਯਕੀਨ ਕਰਨ ਜ਼ਿਲ੍ਹਾ ਵਾਸੀ
ਸੂਚਨਾ ਦੇ ਆਦਾਨ ਪ੍ਰਦਾਨ ਲਈ ਜ਼ਿਲਾ ਵਾਸੀ ਕੰਟਰੋਲ ਰੂਮ ਦੇ ਨੰਬਰ 01852-292810 ਜਾਂ 112 `ਤੇ ਕਰ ਸਕਦੇ ਹਨ ਸੰਪਰਕ
ਤਰਨ ਤਾਰਨ, 09 ਮਈ :
ਤਰਨ ਤਾਰਨ ਜ਼ਿਲ੍ਹੇ ਦੇ ਸਬੰਧ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਪਾਕਿਸਤਾਨ ਵੱਲੋਂ ਤਰਨ ਤਾਰਨ ਜ਼ਿਲ੍ਹੇ ਸਬੰਧੀ ਝੂਠੇ ਪ੍ਰਾਪੇਗੰਡੇ ਦਾ ਇਸਤੇਮਾਲ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ ਤਾਂ ਜੋ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਸ ਪ੍ਰਾਪਗੰਡੇ ਵਿੱਚ ਪਹਿਲਾਂ ਜ਼ਿਲ੍ਹੇ ਦੇ 0 ਤੋਂ 10 ਕਿਲੋਮੀਟਰ ਤੱਕ ਦੇ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਵਾਉਣ ਸਬੰਧੀ ਇੱਕ ਝੂਠੀ ਲਿਸਟ ਵਾਇਰਲ ਕੀਤੀ ਗਈ ਸੀ ਅਤੇ ਹੁਣ ਭਾਰਤ-ਪਾਕਿਸਤਾਨ ਯੁੱਧ ਦੌਰਾਨ ਲਾਸ਼ਾਂ ਦੇ ਅੰਤਿਮ ਸਸਕਾਰ ਸਬੰਧੀ ਉੱਪ ਮੰਡਲ ਮੈਜਿਸਟਰੇਟ ਪੱਟੀ ਦੀ ਨਕਲੀ ਮੋਹਰ ਬਣਾਕੇ ਇੱਕ ਜ਼ਾਅਲੀ ਚਿੱਠੀ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਪਾਕਿਸਤਾਨ ਦੇ ਇਸ ਝੂਠੇ ਪ੍ਰਾਪੇਗੰਡੇ ਤੋਂ ਸੁਚੇਤ ਰਹਿਣ ਅਤੇ ਸੰਯਮ ਬਣਾਕੇ ਰੱਖਣ। ਉਹਨਾਂ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੇ ਬਣੇ ਇਸ ਮਾਹੌਲ ਵਿੱਚ ਜ਼ਿਲ੍ਹਾ ਤਰਨ ਤਾਰਨ ‘ਚ ਸਥਿਤੀ ਆਮ ਦੀ ਤਰ੍ਹਾਂ ਹੈ।
ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧਿਕਾਰਤ ਸੂਚਨਾ ‘ਤੇ ਹੀ ਯਕੀਨ ਕਰਨ।
ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਦਰਮਿਆਨ ਕਿਸੇ ਵੀ ਹੰਗਾਮੀ ਸਥਿਤੀ ਸਬੰਧੀ ਅਧਿਕਾਰਿਤ ਜਾਣਕਾਰੀ ਲੈਣ ਜਾਂ ਸੂਚਨਾ ਦੇ ਆਦਾਨ ਪ੍ਰਦਾਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸਾਂਝਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਜ਼ਿਲਾ ਵਾਸੀ ਕੰਟਰੋਲ ਰੂਮ ਦੇ ਨੰਬਰ 01852-292810 `ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਨੰਬਰ 112 `ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।