Close

Deputy Commissioner instructs teachers not to carry mobile phones in classes

Publish Date : 02/12/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕਾਂ ਨੂੰ ਕਲਾਸਾਂ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ ਦੀ ਹਦਾਇਤ
ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਵਿਭਾਗੀ ਕਾਰਵਾਈ
ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਬਣਾਈ ਜਾਵੇਗੀ ਯਕੀਨੀ
ਤਰਨ ਤਾਰਨ, 01 ਦਸੰਬਰ :
ਜ਼ਿਲ੍ਹਾ ਤਰਨ ਤਾਰਨ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਉਣ ਸਮੇਂ ਕਲਾਸਾਂ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ ਅਤੇ ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ, ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਅਤੇ ਨਗਰ ਕੌਸ਼ਲ ਦਫ਼ਤਰ ਤਰਨ ਤਾਰਨ ਦੀ ਅਚਨਚੇਤੀ ਚੈਕਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਅਤੇ ਦਫ਼ਤਰਾਂ ਵਿੱਚ ਸਮੇਂ-ਸਿਰ ਹਾਜ਼ਰ ਨਾ ਹੋਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਸਮੂਹ ਜ਼ਿਲ੍ਹਾ ਮੁਖੀਆ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫ਼ਤਰਾਂ ਵਿੱਚ ਸਮੂਹ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ ਵਿਖੇ ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਇੰਨਚਾਰਜ ਨੂੰ ਆਦੇਸ਼ ਦਿੱਤੇ ਕਿ ਕਲਾਸ ਵਿੱਚ ਮੋਬਾਇਲ ਫੋਨ ਰੱਖਣ ਵਾਲੇ ਇਕਨਾਮਿਕਸ ਲੈਕਚਰਾਰ ਜਸਬੀਰ ਸਿੰਘ ਅਤੇ ਹਿਸਾਬ ਅਧਿਆਪਕਾ ਜਸਪ੍ਰੀਤ ਕੌਰ ਦੀ ਜਵਾਬ ਤਲਬੀ ਕੀਤੀ ਜਾਵੇ।
ਇਸ ਮੌਕੇ ਉਹਨਾਂ ਸਕੂਲ ਦੀ ਗਰਾਊਂਡ ਵਿੱਚ ਆਪਣੀਆਂ ਗੱਡੀਆਂ ਪਾਰਕ ਕਰਨ ਵਾਲੇ ਅਧਿਆਪਕਾ ਰਜਿੰਦਰ ਸਿੰਘ, ਜਗਦੀਪ ਸਿੰਘ ਅਤੇ ਬੀਰਇੰਦਰ ਸਿੰਘ ਤਾੜਨਾ ਕਰਦਿਆਂ ਕਿਹਾ ਕਿ ਅੱਗੋਂ ਤੋਂ ਅਜਿਹੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਗੱਡੀਆਂ ਨੂੰ ਢੁਕਵੀਂ ਜਗ੍ਹਾਂ ‘ਤੇ ਪਾਰਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੇ ਢਾਂਚੇ ਵਿੱਚ ਵਿਆਪਕ ਸੁਧਾਰ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਗਰਾਊਂਡਾਂ ਨੂੰ ਮਗਨਰੇਗਾ ਸਕੀਮ ਅਧੀਨ ਸੁਧਾਰਿਆ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਸ਼ਲ ਦਫ਼ਤਰ ਤਰਨ ਤਾਰਨ ਦੀ ਅੱਜ ਸਵੇਰੇ ਕੀਤੀ ਚੈਕਿੰਗ ਦੌਰਾਨ 10 ਕਰਮਚਾਰੀ ਗੈਰਹਾਜ਼ਰ ਪਾਏ ਗਏ, ਜਿੰਨ੍ਹਾਂ ਵਿਰੁੱਧ ਉਹਨਾਂ ਨੇ ਸਖਤ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਗੈਰਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਵਿੱਚਬਲਜੀਤ ਸਿੰਘ ਅਕਾਂਊਟੈਂਟ, ਮਨਦੀਪ ਸਿੰਘ ਜੇ. ਈ., ਮਨਿੰਦਰ ਸਿੰਘ ਇੰਸਪੈਕਟਰ, ਜਤਿੰਦਰ ਕੁਮਾਰ, ਵਰਿੰਦਰਪਾਲ ਸਿੰਘ, ਨਰਿੰਦਰ ਕੁਮਾਰ, ਅੰਗਰੇਜ਼ ਸਿੰਘ, ਜੋਤੀ, ਬਲਵਿੰਦਰ ਸਿੰਘ (ਸਾਰੇ ਕਲਰਕ) ਅਤੇ ਦਿਨੇਸ਼ ਕੁਮਾਰ ਸੇਵਾਦਾਰ ਸ਼ਾਮਿਲ ਸਨ।