Deputy Commissioner Meets Various Departments To Ensure Registration Of Unorganized Workers On e-SHRAM Portal
ਡਿਪਟੀ ਕਮਿਸ਼ਨਰ ਵੱਲੋਂ ਈ-ਸ਼੍ਰਮ ਪੋਰਟਲ ਤੇ ਗੈਰ-ਸੰਗਠਿਤ ਕਿਰਤੀਆਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ
ਸੇਵਾ ਕੇਂਦਰਾਂ, ਸੀਐਸਸੀ ਸੈਂਟਰਾਂ ਸਮੇਤ www.eshram.gov.in ਤੇ ਲਾਗ-ਇੰਨ ਕਰ ਕੇ ਮੁਫਤ ਵਿਚ ਕੀਤੀ ਜਾ ਸਕਦੀ ਹੈ ਰਜਿਸਟਰੇਸ਼ਨ
ਤਰਨ ਤਾਰਨ 23 ਜੂਨ ( ) (e-SHRAM) ਈ-ਸ਼੍ਰਮ ਪੋਰਟਲ ’ਤੇ ਗੈਰ ਸੰਗਠਿਤ ਕਿਰਤੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕਿਰਤ ਤੇ ਸਲਾਹ ਅਫਸਰ ਸੰਤੋਖ ਸਿੰਘ, ਜ਼ਿਲ੍ਹਾ ਭਲਾਈ ਅਫਸਰ ਬਿਕਰਮਜੀਤ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯਗ ਕੇਂਦਰ ਭਗਤ ਸਿੰਘ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰਦੇ ਕਾਮੇ ਈ-ਸ਼੍ਰਮ ਪੋਰਟਲ ’ਤੇ ਰਜਿਸਟਰੇਸ਼ਨ ਕਰ ਸਕਦੇ ਹਨ। ਇਹਨਾਂ ਗੈਰ-ਸੰਗਠਿਤ ਕਿਰਤੀਆਂ ਵਿੱਚ ਮਨਰੇਗਾ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਉਸਾਰੀ ਕਿਰਤੀ, ਪ੍ਰਵਾਸੀ ਮਜਦੂਰ, ਘਰੇਲੂ ਕਿਰਤੀ, ਖੇਤੀਬਾੜੀ ਨਾਲ ਸਬੰਧਤ ਮਜਦੂਰ, ਆਤਮ ਨਿਰਭਰ ਕਿਰਤੀ, ਸਟਰੀਟ ਵੈਂਡਰ, ਛੋਟੇ ਦੁਕਾਨਦਾਰ, ਮਾਲੀ, ਦੋਧੀ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਰਤੀਆਂ ਦੀ ਰਜਿਸਟ੍ਰੇਸ਼ਨ ਜਿਲ੍ਹੇ ਦੇ ਸਾਰੇ ਸੀ.ਐਸ.ਸੀ. ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿੱਚ ਬਿਨ੍ਹਾਂ ਕਿਸੇ ਫੀਸ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਜਿਸਟਰ ਹੋਣ ਲਈ ਕਿਰਤੀ www.eshram.gov.in ਤੇ ਲਾਗ-ਇੰਨ ਕਰਕੇ ਆਪਣੇ ਮੋਬਾਇਲ ਤੋਂ ਖੁਦ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਰਜਿਸਟਰਡ ਹੋਣ ਲਈ ਕਿਰਤੀ ਦੀ ਉਮਰ 16 ਤੋਂ 59 ਸਾਲ ਹੋਣੀ ਚਾਹੀਦੀ ਹੈ ਅਤੇ ਕਿਰਤੀ ਪਾਸ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਖਾਤੇ ਦੀ ਡਿਟੇਲ ਹੋਣੀ ਜਰੂਰੀ ਹੈ। ਜੇਕਰ ਕਿਰਤੀ ਈ.ਪੀ.ਐੱਫ/ਈ.ਐੱਸ.ਆਈ ਜਾਂ ਐੱਨ.ਪੀ.ਐੱਸ (ਸਰਕਾਰੀ ਫੰਡ) ਅਧੀਨ ਕਵਰ ਹੈ ਤਾਂ ਉਹ ਇਸ ਪੋਰਟਲ ਵਿਚ ਰਜਿਸਟਰਡ ਨਹੀਂ ਹੋ ਸਕਦਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਸੰਗਠਿਤ ਖੇਤਰਾਂ ਦੇ ਕਿਰਤੀਆਂ ਨੂੰ ਵੱਧ ਤੋਂ ਵੱਧ ਈ-ਸ਼ਰਮ (e-SHRAM) ਪੋਰਟਲ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਨਾਲ ਹੀ ਜ਼ਿਲ੍ਹੇ ਦੇ ਅਸੰਗਠਿਤ ਖੇਤਰਾਂ ਵਿਚ ਕੰਮ ਕਰਦੇ ਕਿਰਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ-ਆਪ ਨੂੰ ਇਸ ਪੋਰਟਲ ਤੇ ਰਜਿਸਟਰੇਸ਼ਨ ਜ਼ਰੂਰ ਕਰਵਾਉਣ।