Deputy Commissioner under “Mission Fateh” issues instructions to take necessary precautions during office work to prevent Covid-19

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ”
ਡਿਪਟੀ ਕਮਿਸ਼ਨਰ ਵੱਲੋਂ “ਮਿਸ਼ਨ ਫਤਿਹ” ਤਹਿਤ ਕੋਵਿਡ-19 ਤੋਂ ਬਚਾਅ ਲਈ ਦਫ਼ਤਰੀ ਕੰਮ-ਕਾਜ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਜਾਰੀ
ਕੋਵਿਡ-19 ਦੇ ਸਬੰਧ ਵਿੱਚ ਪ੍ਰਮਾਣਿਕ ਜਾਣਕਾਰੀ ਲਈ “ਕੋਵਾ ਐਪ” ਡਾਊਨਲੋਡ ਕਰਨਾ ਯਕੀਨੀ ਬਣਾਉਣਗੇ ਸਮੂਹ ਅਧਿਕਾਰੀ ਤੇ ਕਰਮਚਾਰੀ
ਤਰਨ ਤਾਰਨ 5 ਜੂਨ :
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਲਾਏ ਜਾ ਰਹੇ “ਮਿਸ਼ਨ ਫਤਿਹ” ਤਹਿਤ ਕੋਵਿਡ-19 ਤੋਂ ਬਚਾਅ ਲਈ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰੀ ਕੰਮ-ਕਾਜ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਹਰੇਕ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਕੋਵਿਡ-19 ਦੇ ਸਬੰਧ ਵਿੱਚ ਸਹੀ, ਸਮੇਂ ਸਿਰ ਅਤੇੇ ਪ੍ਰਮਾਣਿਕ ਜਾਣਕਾਰੀ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ “ਕੋਵਾ ਐਪ” ਡਾਊਨਲੋਡ ਕਰਨਾ ਯਕੀਨੀ ਬਣਾਉਣਗੇ। ਉਹਨਾਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫਤਰਾਂ ਵਿੱਚ ਕਰਮਚਾਰੀਆਂ ਵਿਚਕਾਰ ਘੱਟੋ-ਘੱਟ ਦੋ ਮੀਟਰ ਦੀ ਦੂਰੀ ਨੂੰ ਰੱਖਣਾ ਯਕੀਨੀ ਬਣਾਉਂਦੇ ਹੋਏ ਬੈਠਣ ਦੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਹਰੇਕ ਕਰਮਚਾਰੀ ਦਫ਼ਤਰੀ ਕੰਮ ਦੌਰਾਨ ਮੂੰਹ ‘ਤੇ ਮਾਸਕ ਪਾਉਣਾ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਮੈਨੂਅਲ ਪੱਤਰਾਂ, ਨੋਟਿਸਾਂ, ਯਾਦ-ਪੱਤਰਾਂ ਅਤੇ ਆਦੇਸ਼ਾਂ ਦੇ ਸੰਚਾਰ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ । ਦਫ਼ਤਰੀ ਕੰਮ ਜਿੰਨਾ ਸੰਭਵ ਹੋ ਸਕੇ, ਈ-ਦਫਤਰ, ਅਧਿਕਾਰਤ ਈ-ਮੇਲ, ਟੈਲੀਫੋਨ, ਐਸ. ਐਮ. ਐਸ. ਵਟਸਐਪ ਹੋਰ ਇਲੈਕਟ੍ਰੋਨਿਕਸ ਮਾਧਿਅਮ ਦੁਆਰਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਮਚਾਰੀ ਇਕ ਦੂਜੇ ਨੂੰ ਵਧਾਈ ਦੇਣ ਲਈ ਕਿਸੇ ਨਾਲ ਹੱਥ ਮਿਲਾਉਣ ਜਾਂ ਗਲੇ ਲੱਗਣ ਤੋਂ ਪਰਹੇਜ਼ ਕਰਨ, ਕਰਮਚਾਰੀਆਂ ਨੂੰ ਦਫਤਰ ਵਿੱਚ ਬੇਲੋੜਾ ਘੁੰਮਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੀ ਨਿਰਧਾਰਤ ਜਗ੍ਹਾ ਤੋਂ ਹੀ ਕੰਮ ਕਰਨਾ ਚਾਹੀਦਾ ਹੈ। ਸਰਵਜਨਕ ਥਾਂਵਾਂ ‘ਤੇ ਕਿਤੇ ਵੀ ਕਰਮਚਾਰੀਆਂ ਦਾ ਇਕੱਠ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਗਲਿਆਰੇ, ਪਾਰਕਿੰਗ ਆਦਿ। ਉਨ੍ਹਾਂ ਕਿਹਾ ਕਿ ਕਰਮਚਾਰੀ ਆਪਸੀ ਗੱਲਬਾਤ ਲਈ ਇੰਟਰਕੌਮ ਇਲੈਕਟੋਨਿਕਸ ਮੀਡੀਆ ਦੀ ਵਰਤੋਂ ਕਰਨ ।
ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣੇ ਹੱਥਾਂ ਨੂੰ ਸਾਬਣ ਨਾਲ ਅਤੇ ਪਾਣੀ ਘੱਟੋ ਘੱਟ 20 ਤੋਂ 40 ਸੈਕਿੰਡ ਤੱਕ ਧੋਣ ਅਤੇ ਜੇਕਰ ਕੋਈ ਕਰਮਚਾਰੀ ਬੁਖਾਰ ਜਾਂ ਕੋਵਿਡ-19 ਦੇ ਲੱਛਣਾਂ ਜਿਵੇਂ ਕਿ ਖਾਂਸੀ, ਛਿੱਕਾਂ, ਸਾਹ ਲੈਣ ਵਿੱਚ ਮੁਸ਼ਕਲ ਆਦਿ ਤੋਂ ਪੀੜ੍ਹਤ ਹੈ ਤਾਂ ਉਸ ਕਰਮਚਾਰੀ ਨੂੰ ਸਵੈ-ਇੱਛਾ ਨਾਲ ਦਫ਼ਤਰ ਦੇ ਮੁਖੀ ਨੂੰ ਜ਼ਰੂਰ ਸੂਚਿਤ ਕਰਨਾ ਚਾਹੀਦਾ ਹੈ।ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰ ਦਾ ਤਾਪਮਾਨ 24-30 ਸੈਂਟੀਗਰੇਡ ਦੇ ਵਿਚਕਾਰ ਰੱਖਿਆ ਜਾਵੇ।ਵੈਂਟੀਲੇਸ਼ਨ ਲਈ ਦਫਤਰ ਦੀਆਂ ਖਿੜਕੀਆਂ ਨੂੰ ਖੋਲ੍ਹ ਕੇ ਰੱਖਿਆ ਜਾਵੇ ਅਤੇ ਦਫਤਰ ਵਿਚ ਨਮੀ ਨੂੰ 40-70 ਪ੍ਰਤੀਸ਼ਤ ਤੱਕ ਮੇਨਟੇਨ ਕੀਤਾ ਜਾਵੇ।
—————