Close

District Administration Taran Taran appealed to farmers not to burn stubble in the fields _Strong action will be taken against those who set fire to paddy straw in the fields _Deputy Commissioner

Publish Date : 17/11/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕਿਸਾਨਾ ਨੂੰ ਖੇਤਾਂ ’ਚ ਪਰਾਲੀ ਨਾ ਸਾੜਨ ਦੀ ਅਪੀਲ
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਨੇ ਸਮੂਹ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਫੀਲਡ ਦੌਰੇ ਕਰਨ ਲਈ ਦਿੱਤੇ ਨਿਰਦੇਸ਼
ਖੇਤਾਂ ਵਿੱਚ ਅੱਗ ਲਾਉਣ ਦੇ 534 ਮਾਮਲਿਆਂ ਵਿੱਚ ਹੁਣ ਤੱਕ 15.42 ਲੱਖ ਰੁਪਏ ਦਾ ਲਗਾਇਆ ਗਿਆ ਜੁਰਮਾਨਾ
ਤਰਨ ਤਾਰਨ, 09 ਨਵੰਬਰ:
ਖੇਤਾਂ ਵਿਚ ਝੋਨੇ ਦੀ ਪਰਾਲੀ ਅਤੇ ਫਸਲੀ ਰਹਿੰਦ-ਖੂੰਹਦ ਅੱਗ ਲਾਉਣ ਦੇ ਮਾਮਲਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਿੱਢੀ ਗਈ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਅਜਿਹਾ ਕਰਨ ਵਾਲੇ ਕਿਸਾਨਾਂ ਵਿਰੁੱਧ ਅਦਾਲਤੀ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਅਤੇ ਐਸ. ਐਸ. ਪੀ. ਸ੍ਰੀ ਅਸ਼ਵਨੀ ਕਪੂਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟਰੇਟਾਂ, ਐੱਸ. ਐੱਚ. ਓਜ਼, ਡੀ. ਐਸ. ਪੀਜ਼ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਗਏ ਕਿ ਖੇਤਾਂ ’ਚ ਪਰਾਲੀ ਆਦਿ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਸਬੰਧਿਤ ਅਧਿਕਾਰੀਆਂ ਵੱਲੋਂ ਵੱਧ ਤੋਂ ਵੱਧ ਪਿੰਡਾਂ ਦੇ ਦੌਰੇ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੀ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਜਾ ਰਹੀ ਹੈ ਜਿਸ ਨਾਲ ਖੇਤਾਂ ਵਿਚ ਹੀ ਪਰਾਲੀ ਨੂੰ ਵਧੀਆਂ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਜੇਕਰ ਕੁਝ ਕਿਸਾਨ ਫਿਰ ਵੀ ਖੇਤਾਂ ਵਿੱਚ ਅੱਗ ਲਗਾਉਂਦੇ ਤਾਂ ਉਨ੍ਹਾਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਵੱਲੋ ਬਣਦੀ ਕਾਰਵਾਈ ਕੀਤੀ ਜਾਵੇਗੀ।
ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲਿਆਂ ਨੂੰ ਰਿਪੋਰਟ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਨਿਰਦੇਸ਼ ਦਿੰਦੀਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦਿੱਤੇ ਖੇਤਰ ਵਿੱਚ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਇਸਦੀ ਜਾਣਕਾਰੀ ਸਬੰਧੰਤ ਨੋਡਲ ਅਫਸਰ ਦੇ ਧਿਆਨ ਵਿੱਚ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਐਸ. ਐਸ. ਪੀ. ਸ਼੍ਰੀ ਅਸ਼ਵਨੀ ਕਪੂਰ ਨੇ ਵੀ ਕਿਸਾਨਾਂ ਨੂੰ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਵਾਤਾਵਰਣ ਹੋਰ ਵੀ ਪਲੀਤ ਹੁੰਦਾ ਜਾ ਰਿਹਾ ਹੈ ਜਿਸਦੇ ਮੱਦੇਨਜ਼ਰ ਸਾਰਿਆਂ ਨੂੰ ਲੋਕ ਹਿੱਤਾਂ, ਵਾਤਾਵਰਣ, ਮਨੁੱਖੀ ਸਿਹਤ ਅਤੇ ਮਿੱਟੀ ਦੀ ਉਪਜਾਉ ਸ਼ਕਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤਾਂ ਵਿੱਚ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ’ਤੇ ਚੌਕਸੀ ਵਧਾਉਂਦਿਆਂ ਡੀ. ਐਸ. ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਮਾਮਲਿਆਂ ’ਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਖੇਤਾਂ ਵਿੱਚ ਅੱਗ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਖੇਤਾਂ ਵਿੱਚ ਅੱਗ ਲਾਉਣ ਦੇ 534 ਮਾਮਲਿਆਂ ਵਿੱਚ ਹੁਣ ਤੱਕ ਲੱਗਭੱਗ 15.42 ਲੱਖ ਰੁਪਏ ਦਾ ਜੁਰਮਾਨਾ (ਵਾਤਾਵਰਣ ਮੁਆਵਜ਼ਾ) ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਅੱਗ ਨਾ ਲਾਉਣ ਦੀ ਅਪੀਲ ਕਰ ਰਹੀਆਂ ਹਨ।