Close

District Election Officer held Meeting with Political Party Representatives for Regular review of voter lists

Publish Date : 07/01/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
15 ਜਨਵਰੀ ਤੱਕ ਦਾਇਰ ਕੀਤੇ ਜਾ ਸਕਦੇ ਹਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 
ਤਰਨ ਤਾਰਨ, 7 ਜਨਵਰੀ :
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ  ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟੰਗ ਕੀਤੀ।ਇਸ ਮੌਕੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਹਰਮਿੰਦਰ ਸਿੰਘ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਤੋਂ ਬਲਦੇਵ ਸਿੰਘ, ਬੀ. ਜੇ. ਪੀ. ਤੋਂ ਸਤਵੰਤ ਸਿੰਘ, ਐੱਨ. ਸੀ. ਪੀ. ਤੋਂ ਸੁਖਵਿੰਦਰ ਕੌਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ੍ਰੀ ਯਸ਼ਪਾਲ ਸ਼ਰਮਾ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਯੋਗਤਾ ਪਹਿਲੀ ਜਨਵਰੀ, 2020 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 16 ਦਸੰਬਰ, 2019 ਨੂੰ ਕੀਤੀ ਗਈ ਹੈ।ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੂਥ ਲੈੱਵਲ ਅਫ਼ਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਹਨ।
ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 15 ਜਨਵਰੀ, 2020 ਤੱਕ ਨਿਰਧਾਰਿਤ ਕੀਤਾ ਗਿਆ ਹੈ।ਕੋਈ ਵੀ ਵਿਅਕਤੀ ਜਿਸਦੀ ਉਮਰ ਮਿਤੀ 01 ਜਨਵਰੀ 2020 ਨੂੰ 18 ਸਾਲ ਪੂਰੀ ਹੋਣੀ ਹੈ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਅਤੇ ਉਸਦੀ ਵੋਟ ਅਜੇ ਤੱਕ ਨਹੀਂ ਬਣੀ ਤਾਂ ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰਬਰ 6 (ਸਮੇਤ ਰੰਗਦਾਰ ਪਾਸਪੋਰਟ ਸਾਇਜ਼ ਫੋਟੋ ਅਤੇ ਉਮਰ ਸਬੰਧੀ ਦਸਤਾਵੇਜ਼) ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ। ਵੋਟ ਕਟਵਾਉਣ ਲਈ ਫਾਰਮ ਨੰਬਰ 7,  ਵੋਟਰ ਦੇ ਵੇਰਵਿਆਂ ਵਿੱਚ  ਦਰੁੱਸਤੀ ਲਈ ਫਾਰਮ ਨੰਬਰ 8 ਅਤੇ  ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ ਵਿੱਚ ਫਾਰਮ ਨੰਬਰ 8 ੳ ਭਰਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ 27 ਜਨਵਰੀ, 2019 ਨੂੰ ਇਸ ਸਬੰਧੀ ਦਾਅਵੇ ਤੇ ਇਤਰਾਜ਼ਾ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 7 ਫਰਵਰੀ, 2020 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਉੁਹਨਾਂ ਕਿਹਾ ਕਿ ਹਲਕਾਵਾਰ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦਾ ਵੇਰਵਾ ਇਸ ਤਰ੍ਹਾਂ ਹੈ, ਵਿਧਾਨ ਸਭਾ ਹਲਕਾ- 21 ਤਰਨ ਤਾਰਨ ਲਈ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਵਿਧਾਨ ਸਭਾ ਹਲਕਾ-22 ਖੇਮਕਰਨ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਵਿਧਾਨ ਸਭਾ ਹਲਕਾ-23 ਪੱਟੀ ਲਈ ਉਪ ਮੰਡਲ ਮੈਜਿਸਟਰੇਟ ਪੱਟੀ ਅਤੇ ਵਿਧਾਨ ਸਭਾ ਹਲਕਾ-24 ਖਡੂਰ ਸਾਹਿਬ ਲਈ ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਬਨਣ ਤੋਂ ਵਾਂਝਾ ਨਹੀਂ ਰਹਿਣਾ ਚਾਹਿਦਾ। ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ਤਹਿਸੀਲਦਾਰ ਚੋਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਜਿਲ੍ਹਾ ਚੋਣ ਦਫ਼ਤਰ, ਤਰਨ ਤਾਰਨ ਵਿਖੇ ਸਥਾਪਿਤ ਵੋਟਰ ਹੈਲਪਲਾਈਨ ਨੰ: 1950 ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।