Close

District Level Dengue Day celebrated at Civil Hospital Tarn Taran

Publish Date : 17/05/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਡੇਂਗੁ ਦਿਵਸ
ਤਰਨ ਤਾਰਨ, 17 ਮਈ :
ਜ਼ਿਲ੍ਹਾ ਪੱਧਰੀ ਡੇਂਗੁ ਦਿਵਸ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਮਨਾਇਆ ਗਿਆ । ਇਸ ਮੌਕੇ ‘ਤੇ ਡਾ. ਸੀਮਾ ਨੇ ਦੱਸਿਆ ਕਿ ਹਰ ਸਾਲ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।
ਉਹਨਾਂ ਕਿਹਾ ਕਿ ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਡੇਂਗੂ ਤੋਂ ਪੀੜਤ ਮਰੀਜ਼ਾਂ ਵਿੱਚੋਂ ਇੱਕ ਤੋਂ ਲੈ ਕੇ ਪੰਜ ਫੀਸਦੀ ਦੀ ਇਲਾਜ ਨਾ ਹੋਣ ਕਰਕੇ ਮੌਤ ਹੋ ਜਾਂਦੀ ਹੈ। ਡੇਂਗੂ 110 ਤੋਂ ਜ਼ਿਆਦਾ ਦੇਸ਼ਾਂ ਵਿੱਚ ਜ਼ਿਆਦਾ ਹੁੰਦਾ ਹੈ। ਹਰ ਸਾਲ ਸੰਸਾਰ ਦੇ 50 ਤੋਂ 100 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ । ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ। ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ । ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਹ ਵਾਇਰਸ ਵਿਅਕਤੀ ਦੇ ਵ੍ਹਾਈਟ ਬਲੱਡ ਸੈੱਲਜ਼ ਨਾਲ ਜੁੜ ਕੇ ਅੰਦਰ ਚਲਾ ਜਾਂਦਾ ਹੈ। ਜਦੋਂ ਬਲੱਡ ਸੈੱਲਜ਼ ਸਰੀਰ ਵਿੱਚ ਇਧਰ-ਉਧਰ ਜਾਂਦੇ ਹਨ ਤਾਂ ਵਾਇਰਸ ਆਪਣੇ ‘ਅੰਸ਼’ ਪੈਦਾ ਕਰਦਾ ਹੈ। ਜਿਸ ਕਾਰਨ ਡੇਂਗੂ ਰੋਗ ਹੋ ਜਾਂਦਾ ਹੈ ਅਤੇ ਵਿਅਕਤੀ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਗੰਭੀਰ ਦਰਦ ਤੋਂ ਪੀੜਤ ਹੋ ਜਾਂਦਾ ਹੈ। ਜੇ ਕਿਸੇ ਵਿਅਕਤੀ ਨੂੰ ਗੰਭੀਰ ਇਨਫੈਕਸ਼ਨ ਹੈ ਤਾਂ ਵਾਇਰਸ ਉਸ ਦੇ ਸਰੀਰ ਅੰਦਰ ਹੋਰ ਜ਼ਿਆਦਾ ਤੇਜ਼ੀ ਨਾਲ ਵੱਧਦਾ ਹੈ ।ਕਿਉਂਕਿ ਵਾਇਰਸ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਡੇਂਗੂ ਬੁਖਾਰ ਬੱਚਿਆਂ ਵਿੱਚ ਜ਼ਿਆਦਾ ਹੁੰਦਾ ਹੈ। ਖ਼ਾਸ ਕਰਕੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਹ ਜ਼ਿਆਦਾ ਪਾਇਆ ਜਾਂਦਾ ਹੈ। ਇਸ ਬੁਖਾਰ ਵਿੱਚ ਹੱਡੀਆਂ ਦੇ ਟੁੱਟਣ ਜਿਹੀ ਪੀੜ ਹੁੰਦੀ ਹੈ। ਇਸ ਲਈ ਇਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ।
ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਨੇਹਾ ਨੇ ਡੇਂਗੂ ਦੇ ਲੱਛਣ ਬੁਖਾਰ, ਸਿਰਦਰਦ, ਚਮੜੀ ’ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ। ਮਰੀਜ਼ ਦੇ ਮੂੰਹ, ਗਲੇ ਜਾਂ ਛਾਤੀ ਉੱਤੇ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਇੱਕ-ਦੋ ਦਿਨ ਬਾਅਦ ਦਾਣੇ ਮਿਟ ਜਾਂਦੇ ਹਨ। ਤੀਜੇ ਜਾਂ ਚੌਥੇ ਦਿਨ ਜਦੋਂ ਬੁਖਾਰ ਦੁਬਾਰਾ ਚੜ੍ਹਦਾ ਹੈ ਤਾਂ ਇਹ ਦਾਣੇ ਉਪਰੋਕਤ ਅੰਗਾਂ ਦੇ ਨਾਲ-ਨਾਲ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਵੀ ਨਿਕਲ ਆਉਂਦੇ ਹਨ। ਕੁਝ ਲੋਕਾਂ ਨੂੰ ਡੇਂਗੂ ਬੁਖਾਰ ਇਕ ਜਾਂ ਦੋ ਅਜਿਹੇ ਰੂਪਾਂ ਵਿੱਚ ਹੋ ਸਕਦਾ ਹੈ, ਜੋ ਜਾਨ ਲਈ ਖਤਰਾ ਹੋ ਸਕਦੇ ਹਨ। ਪਹਿਲਾ ਹੈ ਡੇਂਗੂ ਦੇ ਖੂਨ ਦੇ ਰਿਸਾਅ ਵਾਲਾ ਬੁਖਾਰ, ਜਿਸ ਕਾਰਨ ਖੂਨ ਦੀਆਂ ਨਾੜੀਆਂ ’ਚੋਂ ਖੂਨ ਰਿਸਦਾ ਹੈ ਅਤੇ ਬਲੱਡ ਪਲੇਟਲੈੱਟਸ (ਜਿਨ੍ਹਾਂ ਕਾਰਨ ਖੂਨ ਜੰਮਦਾ ਹੈ) ਦਾ ਪੱਧਰ ਘੱਟ ਜਾਂਦਾ ਹੈ ਅਤੇ ਦੂਸਰੇ ਰੂਪ ਦਾ ਡੇਂਗੂ ਹੈ ਸ਼ੌਕ ਸਿੰਡਰੋਮ, ਜਿਸ ਨਾਲ ਬਲੱਡ ਪ੍ਰੈਸ਼ਰ ਖਤਰਨਾਕ ਹੱਦ ਤੱਕ ਹੇਠਾਂ ਚਲਾ ਜਾਂਦਾ ਹੈ। ਪਲੇਟਲੈੱਟਸ ਨਾ ਬਣਨ ਕਰਕੇ ਵਿਅਕਤੀ ਨੂੰ ਖੂਨ ਰਿਸਣ ਦੀ ਸਮੱਸਿਆ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਖੂਨ ਰਿਸਣਾ ਡੇਂਗੂ ਕਾਰਨ ਪੈਦਾ ਹੋਣ ਵਾਲੀ ਮੁੱਖ ਸਮੱਸਿਆ ਹੈ। ਮਰੀਜ਼ ਦਾ ਜਿਗਰ ਅਤੇ ਤਿੱਲੀ ਵਧ ਜਾਂਦੇ ਹਨ।
ਉਹਨਾਂ ਕਿਹਾ ਕਿ ਡੇਂਗੂ ਵਾਇਰਸ ਤੋਂ ਬਚਾਉਣ ਲਈ ਕੋਈ ਵੈਕਸੀਨ ਮੁਹੱਈਆ ਨਹੀਂ ਹੈ। ਵਿਗਿਆਨੀ ਡੇਂਗੂ ਬੁਖਾਰ ਦੇ ਹਮਲੇ ਦਾ ਇਲਾਜ ਕਰਨ ਲਈ ਵਾਇਰਸ ਵਿਰੋਧੀ ਦਵਾਈਆਂ ਬਣਾਉਣ ਅਤੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ । ਉਹ ਇਸ ਗੱਲ ਉੱਤੇ ਤੇ ਵੀ ਧਿਆਨ ਦੇ ਰਹੇ ਹਨ ਕਿ ਵਾਇਰਸ ਦੀ ਪ੍ਰੋਟੀਨ ਰਚਨਾ ਕਿਹੋ ਜਿਹੀ ਹੈ। ਇਸ ਨਾਲ ਡੇਂਗੂ ਵਿਰੁੱਧ ਦਵਾਈਆਂ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।
ਉਹਨਾਂ ਕਿਹਾ ਕਿ ਡੇਂਗੂ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਮੱਛਰਾਂ ਦੀ ਗਿਣਤੀ ਵਧਣ ਉੱਤੇ ਕਾਬੂ ਪਾਉਣਾ ਹੈ। ਇਸ ਦੇ ਲਈ ਜਾਂ ਤਾਂ ਮੱਛਰਾਂ ਦੇ ਲਾਰਵੇ ਉੱਤੇ ਜਾਂ ਬਾਲਗ ਮੱਛਰਾਂ ਦੀ ਆਬਾਦੀ ਉੱਤੇ ਕੰਟਰੋਲ ਕਰਨਾ ਪੈਂਦਾ ਹੈ । ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਮੱਛਰਾਂ ਦਾ ਲਾਰਵਾ ਕੰਟਰੋਲ ਹੋਵੇਗਾ। ਇਸ ਤੋਂ ਇਲਾਵਾ ਬਾਲਗ ਮੱਛਰਾਂ ਨੂੰ ਕਾਬੂ ਕਰਨ ਲਈ ਕੀੜੇਮਾਰ ਧੂੰਆਂ ਕਿਸੇ ਹੱਦ ਤਕ ਅਸਰਦਾਰ ਸਿੱਧ ਹੋ ਸਕਦਾ ਹੈ। ਸਿਹਤ ਵਿਭਾਗ ਵਲੋਂ ਗੰਮਬੂਜੀਆ ਮੱਛੀ ਸਾਫ ਪਾਣੀ ਵਾਲੇ ਛੱਪੜਾਂ ਵਿਚ ਪਾਈ ਜਾਂਦੀ ਹੈ, ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਬਹੁਤ ਸਹਾਈ ਹੋ ਰਹੀ ਹੈ।
ਇਸ ਮੌਕੇ ਤੇ ਸ਼੍ਰੀ ਰਜਵੰਤ ਸਿੰਘ ਬਾਗੜ੍ਹੀਆਂ, ਸੀਨੀਅਰ ਲੈੱਬ ਟੈਕਨੀਸ਼ੀਅਨ ਨੇ ਦੱਸਿਆ ਕਿ ਡੇਂਗੂ ਬੁਖਾਰ ਦਾ ਸ਼ੱਕ ਪੈ ਜਾਣ ਦੀ ਸੂਰਤ ਵਿੱਚ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਲਾਜ ਪੱਖੋਂ ਇਸ ਬਿਮਾਰੀ ਵਿੱਚ ਜ਼ਿਆਦਾ ਅਰਾਮ ਕਰਨਾ ਅਤੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਨਾ ਕਰਨਾ ਹੀ ਫਾਇਦੇਮੰਦ ਹੁੰਦਾ ਹੈ।
ਉਹਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।ਦੁੱਧ, ਫਲ, ਹਰੀਆਂ ਸਬਜ਼ੀਆਂ, ਜੂਸ ਆਦਿ ਦਾ ਸੇਵਨ ਵੱਧ ਮਾਤਰਾ ਵਿੱਚ ਕਰਨਾ ਚਾਹੀਦਾ ਹੈ।ਕੂਲਰਾਂ, ਗਮਲਿਆਂ ਆਦਿ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਡੋਲ੍ਹ ਦੇਣਾ ਚਾਹੀਦਾ ਹੈ।ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ।
ਇਸ ਮੌਕੇ ‘ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਦੇਸ ਰਾਜ, ਸ਼੍ਰੀ ਵਿਰਸਾ ਸਿੰਘ ਸ਼੍ਰੀ ਗੁਰਬਖ਼ਸ ਸਿੰਘ, ਸ਼੍ਰੀ ਕੰਵਲ ਬਲਰਾਜ ਸਿੰਘ, ਸ਼੍ਰੀ ਗੁਰਦੇਵ ਸਿੰਘ ਅਤੇ ਜ਼ਿਲ੍ਹੇ ਦੇ ਸਾਰੇ ਸੁਪਰਵਾਈਜ਼ਰ ਮੋਜੂਦ ਸਨ ।