District Magistrate issues ban on manufacture, sale, storage and operation of banned fireworks in view of Diwali and other festivals
Publish Date : 12/11/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦਿਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪਾਬੰਦੀਸ਼ੁਦਾ ਆਤਿਸ਼ਬਾਜੀ ਬਣਾਉਣ, ਵੇਚਣ, ਸਟੋਰੇਜ਼ ਅਤੇ ਚਲਾਉਣ ਨੂੰ ਰੋਕਣ ਸਬੰਧੀ ਲੋੜੀਂਦੇ ਪਾਬੰਦੀ ਦੇ ਹੁਕਮ ਜਾਰੀ
ਤਰਨ ਤਾਰਨ, 11 ਨਵੰਬਰ :
ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਦਿਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇ ਨਜ਼ਰ ਪਾਬੰਦੀਸ਼ੁਦਾ ਆਤਿਸ਼ਬਾਜੀ ਬਣਾਉਣ, ਵੇਚਣ, ਸਟੋਰੇਜ਼ ਅਤੇ ਚਲਾਉਣ ਨੂੰ ਰੋਕਣ ਸਬੰਧੀ ਲੋਕ ਹਿੱਤ ਵਿਚ ਲੋੜੀਂਦੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆਂ ਵੱਲੋ ਅਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਅਤੇ ਲੋਕ ਹਿੱਤ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਕਿਸੇ ਵੱਲੋ ਵੀ ਅਜਿਹੀ ਆਤਿਸ਼ਬਾਜੀ, ਜਿਸਨੂੰ ਚਲਾਏ ਜਾਣ ਤੇ, ਚੱਲਣ ਵਾਲੇ ਸਥਾਨ ਤੋਂ ਚਾਰ ਮੀਟਰ ਦੇ ਦਾਇਰੇ ਅੰਦਰ 125 ਡੀ. ਬੀ. (ਏ) ਤੋਂ ਵੱਧ ਅਵਾਜ ਧਮਕ ਪੈਦਾ ਹੁੰਦੀ ਹੋਵੇ ਅਤੇ ਜਿਆਦਾ ਧੂਆਂ ਛੱਡਣ ਤੇ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਊਣ ਵਾਲੀ ਆਤਿਸ਼ਬਾਜੀ ਦੇ ਬਣਾਉਣ, ਵੇਚਣ ਅਤੇ ਸਟੋਰ ਕਰਨ ਤੇ ਮੁਕੰਮਲ ਪਾਬੰਦੀ ਹੋਵੇਗੀ।ਇਸ ਤੋਂ ਇਲਾਵਾ ਪਾਬੰਦੀਸ਼ੁਦਾ ਧਮਾਕਾ ਖੇਜ਼ ਸਮੱਗਰੀ ਬਣਾਉਣ, ਵੇਚਣ ਅਤੇ ਇਸ ਪਾਬੰਧੀਸ਼ੁਦਾ ਧਮਾਕਾ ਖੇਜ਼ ਸਮੱਗਰੀ ਦੇ ਆਤਿਸ਼ਬਾਜੀ ਵਿੱਚ ਵਰਤਣ ਤੇ ਵੀ ਮੁਕੰਮਲ ਪਾਬੰਦੀ ਹੋਵੇਗੀ। ਇਹ ਪਾਬੰਦੀ ਨਿਰਧਾਰਿਤ ਅਵਾਜ਼ ਅਤੇ ਰੰਗ/ਰੋਸ਼ਨੀ ਪੈਦਾ ਕਰਨ ਵਾਲੀ ਆਤਿਸ਼ਬਾਜੀ ਤੇ ਲਾਗੂ ਨਹੀਂ ਹੋਵੇਗੀ।
ਐਕਪਲੋਸਿਵ ਐਕਟ, 1984, ਐਕਪਲੋਸਿਵ ਰੂਲਜ਼, 2008 ਅਤੇ ਇਨ੍ਹਾਂ ਰੂਲਾਂ ਨਾਲ ਸਬੰਧਤ ਸਰਕਾਰ ਵੱਲੋ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਤਹਿਤ ਆਤਿਸ਼ਬਾਜੀ ਦੇ ਥੋਕ ਅਤੇ ਰਿਟੇਲਰ ਦੁਕਾਨਦਾਰ, ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿਚ ਦਰਖਾਸਤ ਪੇਸ਼ ਕਰਕੇ ਆਤਿਸ਼ਬਾਜੀ ਸਟੋਰ ਕਰਨ ਅਤੇ ਵੇਚਣ ਸਬੰਧੀ ਲੋੜੀਂਦਾਂ ਲਾਇਸੰਸ ਪ੍ਰਾਪਤ ਕਰਨਗੇ ਅਤੇ ਉਕਤ ਐਕਪਲੋਸਿਵ ਐਕਟ ਅਤੇ ਐਕਪਲੋਸਿਵ ਰੂਲਜ਼ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਲਾਇਸੰਸ ਪ੍ਰਾਪਤ ਕਰਨ ਦੇ ਬਾਵਜੂਦ ਕਿਸੇ ਵੀ ਦੁਕਾਨਦਾਰ ਵੱਲੋ ਮਨਜੂਰਸ਼ੁਦਾ ਆਤਿਸ਼ਬਾਜੀ ਸੁਰੱਖਿਆ ਅਤੇ ਆਵਾਜਾਈ ਦੇ ਮੱਦੇਨਜ਼ਰ, ਦੁਕਾਨਾਂ ਤੋਂ ਬਾਹਰ ਸੜਕ ਤੇ ਰੱਖ ਕੇ, ਗਲੀਆਂ, ਬਜਾਰਾਂ ਵਿਚ ਨਹੀਂ ਵੇਚੀ ਜਾਵੇਗੀ, ਬਲਕਿ ਪ੍ਰਸ਼ਾਸਣ ਵੱਲੋ ਨਿਰਧਾਰਿਤ ਕੀਤੇ ਹੇਠ ਲਿਖੇ ਖੁੱਲੇ ਸਥਾਨਾਂ/ਗਰਾਊਂਡਾਂ ਤੇ ਹੀ ਆਤਿਸ਼ਬਾਜੀ ਵੇਚੀ ਜਾ ਸਕੇਗੀ।
ਉਹਨਾਂ ਦੱਸਿਆ ਕਿ ਸਬ-ਡਵੀਜ਼ਨ ਤਰਨ ਤਾਰਨ ਵਿੱਚ ਰੋਹੀ ਦੇ ਕੰਢੇ ਓਪਨ ਗਰਾਂਊਂਡ ਤੇ , ਨੇੜੇ ਸਿਵਲ ਹਸਪਤਾਲ, ਤਰਨ ਤਾਰਨ ਵਿਖੇ, ਸਬ-ਡਵੀਜ਼ਨ, ਪੱਟੀ ਵਿੱਚ ਦੁਸਹਿਰਾ ਗਰਾਊਂਡ ਪੱਟੀ ਵਿਖੇ,ਸਬ-ਡਵੀਜ਼ਨ, ਭਿੱਖੀਵਿੰਡ ਵਿੱਚ ਖੇਡ ਸਟੇਡੀਅਮ ਪੱਟੀ ਰੋਡ ਭਿੱਖੀਵਿੰਡ ਅਤੇ ਸਬ-ਡਵੀਜ਼ਨ, ਖਡੂਰ ਸਾਹਿਬ ਵਿੱਚ ਭੱਪ ਸਟੇਡੀਅਮ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਆਬਾਦ ਵਿਖੇ ਸਿਰਫ਼ ਲਾਈਸੰਸ ਧਾਰਕਾਂ ਨੂੰ ਪਟਾਕੇ ਵੇਚਣ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ।
ਆਤਿਸ਼ਬਾਜੀ ਵੇਚਣ ਲਈ ਟੈਂਪਰੇਰੀ ਸਟਰੱਕਚਰ (ਦੁਕਾਨਾਂ) ਆਤਿਸ਼ਬਾਜੀ ਵਿਕਰੇਤਾਵਾਂ ਵੱਲੋ ਆਪਣੇ ਪੱਧਰ ਤੇ ਲੋਹੇ ਦੀਆਂ ਚਾਦਰਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਵੇਗਾ।ਇਸ ਟੈਂਪਰੇਰੀ ਸਟਰੱਕਚਰ ਵਿਚ ਲੱਗਣ ਵਾਲੇ ਮਟੀਰੀਅਲ ਜਿਵੇਂ ਕਿਸੇ ਵੀ ਤਰਾਂ ਦੇ ਕੱਪੜੇ ਦੇ ਟੈਂਟ, ਲੱਕੜੀ ਤੋਂ ਬਣੇ ਮਟੀਰੀਅਲ ਦੀ ਵਰਤੋਂ ਨਹੀ ਕੀਤੀ ਜਾਵੇਗੀ।ਕਿਸੇ ਵੀ ਦੁਕਾਨਦਾਰ ਵੱਲੋ ਆਤਿਸ਼ਬਾਜੀ ਜਾਂ ਹੋਰ ਕੋਈ ਵੀ ਸਮਾਨ ਦੁਕਾਨਾਂ ਤੋਂ ਬਾਹਰ ਸੜਕ ਤੇ ਰੱਖਕੇ ਵੇਚਣ ਤੇ ਮੁਕੰਮਲ ਪਾਬੰਦੀ ਹੋਵੇਗੀ ਤਾਂ ਜੋ ਆਵਾਜਾਈ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ।
ਥੋਕ ਅਤੇ ਰਿਟੇਲਰ ਆਤਿਸ਼ਬਾਜੀ ਵਿਕਰੇਤਾਵਾਂ ਵੱਲੋ ਆਤਿਸ਼ਬਾਜੀ ਦਾ ਡੰਪ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਾਨ ਤੇ ਸਥਿਤ ਗੁਦਾਮ ਵਿਚ ਹੀ ਰੱਖਿਆ ਜਾਵੇਗਾ। ਸਬੰਧਤ ਦੁਕਾਨਦਾਰਾਂ ਵੱਲੋ ਡੰਪ/ਸਟੋਰੇਜ ਵਾਲੇ ਸਥਾਨਾਂ, ਆਤਿਸ਼ਬਾਜੀ ਵੇਚਣ ਲਈ ਬਣਾਏ ਟੈਂਪਰੇੇਰੀ ਸਟਰੱਕਚਰ ਵਾਲੇ ਸਥਾਨਾਂ ਤੇ ਅਤੇ ਆਤਿਸ਼ਬਾਜੀ ਦੀਆਂ ਦੁਕਾਨਾਂ ਵਿਚ ਪਾਣੀ, ਰੇਤਾ ਅਤੇ ਬੁਝਾਊ ਯੰਤਰਾਂ ਆਦਿ ਦਾ ਪ੍ਰਬੰਧ ਆਪਣੇ ਪੱਧਰ ਤੇ ਰੱਖਿਆ ਜਾਵੇਗਾ।ਇਸ ਸਟੋਰੇਜ਼ ਲਈ ਵੀ ਜਿਲ੍ਹਾ ਮੈਜਿਸਟਰੇਟ ਅਤੇ ਐਕਸਪਲੋਜ਼ਿਵ ਵਿਭਾਗ ਦਾ ਲਾਇਸੰਸ ਜ਼ਰੂਰੀ ਹੈ।
ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆਂ ਦੇ ਹੁਕਮ ਮਿਤੀ 23.10.2018 ਅਨੁਸਾਰ ਮਿਤੀ 14 ਨਵੰਬਰ, 2020 ਨੂੰ ਆਉਣ ਵਾਲੀ ਦੀਵਾਲੀ ਨੂੰ ਸ਼ਾਮ 8:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਮਿਤੀ 30 ਨਵੰਬਰ, 2020 ਨੂੰ ਆਉਣ ਵਾਲੇ ਗੁਰਪੁਰਬ ਦੇ ਮੌਕੇ ‘ਤੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ 9:00 ਵਜੇ ਤੋਂ ਰਾਤ 10:00 ਵਜੇ ਤੱਕ, ਕ੍ਰਿਸਮਿਸ ਵਾਲੇ ਦਿਨ ਮਿਤੀ 25 ਦਸੰਬਰ, 2020 ਅਤੇ ਨਵੇਂ ਸਾਲ ਦੇ ਮੌਕੇ ‘ਤੇ ਮਿਤੀ 31 ਦਸੰਬਰ, 2020 ਦੀ ਰਾਤ ਨੂੰ 11:55 ਵਜੇ ਤੋਂ ਸਵੇਰੇ 12:30 ਤੱਕ ਹੀ ਆਤਿਸ਼ਬਾਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਸ ਤੋਂ ਬਾਅਦ ਬੱਚਦੇ ਸਮੇਂ ਵਿੱਚ ਕਿਸੇ ਵੱਲੋ ਵੀ ਆਤਿਸ਼ਬਾਜੀ ਚਲਾਉਣ ‘ਤੇ ਪਾਬੰਦੀ ਹੋਵੇਗੀ।
ਇਸ ਤੋਂ ਇਲਾਵਾਂ ਸਾਈਲੈਂਸ ਜ਼ੋਨ ਜਿਵੇਂ ਕਿ ਸਰਕਾਰੀ ਦਫਤਰਾਂ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਏਰੀਆ ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋ ਸਾਈਲੈਂਸ ਜ਼ੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜੀ /ਪਟਾਕਿਆਂ ਨੂੰ ਚਲਾਉਣ ਤੇ ਮੁਕੰਮਲ ਵੀ ਪਾਬੰਦੀ ਹੋਵੇਗੀ।
ਸਮੂਹ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਤਰਨ ਤਾਰਨ ਵੱਲੋ ਕਿਸੇ ਵੀ ਆਤਿਸ਼ਬਾਜੀ ਵਿਕਰੇਤਾਵਾਂ ਨੂੰ ਆਤਿਸ਼ਬਾਜੀ ਵੇਚਣ/ਸਟੋਰ ਕਰਨ ਲਈ ਆਰਜੀ ਲਾਇਸੰਸ ਜਾਰੀ ਨਹੀਂ ਕਰਨਗੇ।ਇਸ ਹੁਕਮ ਵਿਚ ਦਰਜ ਸਮੂਹ ਸਬ-ਡਵੀਜ਼ਨਾਂ ਲਈ ਨਿਰਧਾਰਿਤ ਕੀਤੇ ਖੁੱਲੇ ਸਥਾਨਾਂ ‘ਤੇ ਹੀ ਆਤਿਸ਼ਬਾਜੀ ਵਿਕਰੇਤਾਵਾਂ ਨੂੰ ਆਤਿਸ਼ਬਾਜੀ ਵੇਚਣ ਸਬੰਧੀ ਲਾਇਸੰਸ ਦਿੱਤੇ ਜਾਣੇ ਹਨ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਕੇ ਸਮੂਹ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਤਰਨ ਤਾਰਨ ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕਰਵਾਉਣਗੇ।
ਵਿਦੇਸ਼ਾਂ ਤੋਂ ਬੰਦਰਗਾਹਾਂ ਰਾਹੀਂ ਗੈਰਕਾਨੂੰਨੀ ਤੌਰ ਤੇ ਧਮਾਕਾਖੇਜ ਸਮੱਗਰੀ ਬਰਾਮਦ ਹੋ ਰਹੀ ਹੈ।ਇਸ ਤਸਕਰੀ ਰਾਹੀਂ ਆਉਦੀਆਂ ਆਇਟਮਾਂ ਵਿਚ ਕੈਮੀਕਲ ਪੋਟਾਸ਼ੀਅਮ ਕਲੋਰੇਟ ਹੁੰਦਾਂ ਹੈ, ਜੋ ਕਿ ਬਹੁਤ ਜਿਆਦਾ ਖਤਰਨਾਕ ਅਤੇ ਭਿਆਨਕ ਹੁੰਦਾਂ ਹੈ।ਇਸ ਨਾਲ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਹ ਵਾਤਾਵਰਣ ਅਤੇ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ।ਇਸ ਲਈ ਮੌਕੇ ਦੀ ਨਜਾਕਤ ਅਤੇ ਦਿਵਾਲੀ ਦੇ ਮੱਦੇਨਜਰ ਵਿਦੇਸ਼ਾਂ ਤੋਂ ਆਉਦੀ ਅਜਿਹੀ ਸਮੱਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ਤੇ ਮੁੰਕਮਲ ਪਾਬੰਦੀ ਹੋਵੇਗੀ।
ਸਮੂਹ ਉਪ ਮੰਡਲ ਮੈਜਿਸਟਰੇਟ, ਆਪਣੇ-ਆਪਣੇ ਉਪ ਮੰਡਲ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਓਵਰਆਲ ਇੰਚਾਰਜ ਹੋਣਗੇ ਅਤੇ ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਬਤੌਰ ਡਿਊਟੀ ਮੈਜਿਸਟਰੇਟ ਹੋਣਗੇ।
ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਹ ਹੁਕਮ ਮਿਤੀ 10 ਨਵੰਬਰ, 2020 ਤੋਂ ਲਾਗੂ ਰਹੇਗਾ।