District Magistrate prohibits the manufacture, stock, distribution, sale or use of plastic carry bags
Publish Date : 29/11/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕ, ਵੰਡਣ, ਵੇਚਣ ਜਾਂ ਵਰਤੋਂ ਕਰਨ ‘ਤੇ ਪਾਬੰਦੀ
ਜ਼ਿਲਾ ਤਰਨਤਾਰਨ ਦੇ ਖੇਤਰ ਵਿੱਚ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਖਰੀਦ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਵੀ ਲਗਾਈ ਪਾਬੰਦੀ
ਤਰਨਤਾਰਨ, 29 ਨਵੰਬਰ :
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨਤਾਰਨ ਦੀਆਂ ਸੀਮਾਵਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕ, ਵੰਡਣ, ਰੀਸਾਈਕਲ, ਵੇਚਣ ਜਾਂ ਵਰਤੋਂ ਕਰਨ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇੱਕ ਵਾਰ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ) ‘ਤੇ ਰੋਕ ਲਗਾਈ ਗਈ ਹੈ। ਇਹਨਾਂ ਦੀ ਵਰਤੋਂ ਨਾਲ ਸਫ਼ਾਈ ਵਿਘਨ ਪੈਂਦਾ ਹੈ ਅਤੇ ਸੀਵਰੇਜ ਆਦਿ ਵਿੱਚ ਫਸ ਜਾਣ ਕਾਰਨ ਸੀਵਰੇਜ ਬੰਦ ਹੋ ਜਾਂਦਾ ਅਤੇ ਗੰਦਾ ਪਾਣੀ ਸੜਕਾਂ, ਗਲੀਆਂ ਵਿੱਚ ਆ ਜਾਂਦਾ ਹੈ।
ਪਾਬੰਦੀ ਦੇ ਇਹ ਹੁਕਮ ਰਾਜ ਸਰਕਾਰ ਵੱਲੋਂ ਸ਼ਹਿਰੀ ਖੇਤਰ ਵਿੱਚ ਪਲਾਸਟਿਕ ਕੈਰੀ ਬੈਗ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇੱਕ ਵਾਰ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ), “ਪੰਜਾਬ ਪਲਾਸਟਿਕ ਕੈਰੀ ਬੈਗਜ਼ (ਮੈਨੂਫੈਕਚਰ, ਯੂਜਜ਼ ਐਂਡ ਡਿਸਪੋਜ਼ਲ) ਕੰਟਰੋਲ ਐਕਟ, 2005 (ਪੰਜਾਬ ਐਕਟ ਨੰ: 17 ਆੱਫ਼ 2007) ਤਹਿਤ ਜਾਰੀ ਕੀਤੇ ਗਏ ਹਨ।ਪਾਬੰਦੀ ਦੇ ਇਹ ਹੁਕਮ 7 ਜਨਵਰੀ, 2020 ਤੱਕ ਲਾਗੂ ਰਹਿਣਗੇ।
ਇੱਕ ਹੋਰ ਹੁਕਮ ਰਾਹੀਂ ਜ਼ਿਲਾ ਮੈਜਿਸਟੇ੍ਰਟ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਤਰਨਤਾਰਨ ਦੇ ਖੇਤਰ ਵਿੱਚ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਖਰੀਦ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ।ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀਂ ਹੋਵਗੀ। ਪਾਬੰਦੀ ਦੇ ਇਹ ਹੁਕਮ 7 ਜਨਵਰੀ, 2020 ਤੱਕ ਲਾਗੂ ਰਹਿਣਗੇ।
ਉਨਾਂ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਹੈ, ਅੱਜ ਕੱਲ ਪਤੰਗ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹਟ ਕੇ ਸਿੰਥੈਟਿਕ/ਪਲਾਸਟਿਕ ਦੀ ਬਣੀ ਹੋਈ ਹੈ ਅਤੇ ਉਹ ਬਹੁਤ ਮਜ਼ਬੂਤ, ਨਾ ਟੁੱਟਣ ਯੋਗ ਅਤੇ ਨਾ ਗਲਣ ਯੋਗ ਹੈ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ।
ਉਨਾਂ ਕਿਹਾ ਕਿ ਇਸ ਡੋਰ ਦੇ ਫਿਰਨ ਨਾਲ ਸਾਈਕਲ/ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਂਦੇ ਹਨ ਅਤੇ ਉਡਦੇ ਪੰਛੀਆਂ ਦੇ ਫਸ ਜਾਣ ਤੇ ਉਨਾਂ ਦੇ ਮਰਨ ਬਾਰੇ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ਤੇ ਉਨਾਂ ਦੇ ਰੁੱਖਾਂ ‘ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਸ ਤਰਾਂ ਸਿੰਥੈਟਿਕ/ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ।ਉਨਾਂ ਕਿਹਾ ਕਿ ਇਨਾਂ ਤੱਥਾਂ ਨੂੰ ਮੁੱਖ ਰੱਖਦਿਆਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ ਖਰੀਦਣ, ਖਰੀਦ ਕਰਨ, ਸਟੋਰ ਕਰਨ ਅਤੇ ਇਸ ਦੀ ਵਰਤੋਂ ‘ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਬਹੁਤ ਜ਼ਰੂਰਤ ਹੈ।
——————