Close

District Magistrate Tarn Taran issues new sanctions orders to prevent Corona epidemic from spreading

Publish Date : 29/04/2021
DC Sir

ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਤਰਨ ਤਾਰਨ ਵੱਲੋਂ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ
ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ-ਦੁਕਾਨਾਂ ਤੇ ਬਜਾਰ ਸ਼ਾਮ 5 ਵਜੇ ਹੋਣਗੇ ਬੰਦ
ਹੁਕਮਾਂ ਅਨੁਸਾਰ ਜ਼ਰੂਰੀ ਗਤੀਵਿਧੀਆਂ/ਸੇਵਾਵਾਂ ਨੂੰ ਹੋਵੇਗੀ ਛੋਟ
ਤਰਨ ਤਾਰਨ, 27 ਅਪ੍ਰੈਲ :
ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਨਵੀਆਂ ਪਾਬੰਦੀਆਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਹੋਰ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਅਪ੍ਰੈਲ ਤੋਂ ਲਾਗੂ ਹੋ ਕੇ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਹਰ ਪ੍ਰਕਾਰ ਦੀਆਂ ਦੁਕਾਨਾ (ਸਮੇਤ ਮਾਲ ਅਤੇ ਮਲਟੀਪਲੈਕਸ ਦੇ ਅੰਦਰ ਸਥਿਤ ਦੁਕਾਨਾਂ) ਰੋਜ਼ਾਨਾ ਸ਼ਾਮ 05:00 ਵਜੇ ਤੱਕ ਖੁੱਲੀਆਂ ਰਹਿਣਗੀਆਂ, ਜਦਕਿ ਰਾਤ 09:00 ਵਜੇ ਤੱਕ ਹੋਮ ਡਲੀਵਰੀ ਦੀ ਆਗਿਆ ਹੋਵੇਗੀ । ਜਿਲ੍ਹੇ ਵਿੱਚ ਸ਼ਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਕਰਫਿਊ ਰਹੇਗਾ, ਜਿਸ ਦੌਰਾਨ ਸਾਰੀਆਂ ਗੈਰ-ਜਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ।ਸ਼ਨੀਵਾਰ ਅਤੇ ਐਤਵਾਰ ਦਾ ਕਰਫਿਊ ਸ਼ਨੀਵਾਰ ਸਵੇਰੇ 05:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਰਹੇਗਾ ।ਪ੍ਰੰਤੂ ਜਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ । ਸਾਰੇ ਪ੍ਰਾਈਵੇਟ ਦਫਤਰ ਅਤੇ ਸਰਵਿਸ ਇੰਡਸਟਰੀ ਦਫਤਰਾਂ ਦੇ ਕਰਮਚਾਰੀ ਘਰ ਤੋਂ ਹੀ ਕੰਮ ਕਰਨਗੇ ।
ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਉਕਤ ਪਾਬੰਦੀਆਂ ਦੌਰਾਨ ਹੇਠ ਲਿਖੇ ਅਨੁਸਾਰ ਜਰੂਰੀ ਗਤੀਵਿਧੀਆਂ/ਸੇਵਾਵਾਂ ਨੂੰ ਛੋਟ ਹੋਵੇਗੀ । ਕੈਮਿਸਟ ਦੀਆਂ ਦੁਕਾਨਾ ਅਤੇ ਜਰੂਰੀ ਸੇਵਾਵਾਂ ਨਾਲ ਸਬੰਧਤ ਦੁਕਾਨਾ ਜਿਵੇਂ ਦੁੱਧ, ਡੇਅਰੀ ਵਸਤਾਂ, ਸਬਜੀਆਂ, ਫਲ ਆਦਿ ਸਬੰਧੀ ਛੋਟ ਹੋਵੇਗੀ । ਉਤਪਾਦਨ ਇੰਡਸਟਰੀ ਦੇ ਕਰਮਚਾਰੀਆਂ ਦੇ ਆਉਣ ਜਾਣ/ਢੋਆ ਢੁਆਈ ਦੇ ਵਾਹਨਾਂ ਦੇ ਚੱਲਣ ਦੀ ਪ੍ਰਵਾਨਗੀ ਹੋਵੇਗੀ । ਇਸ ਤੋਂ ਇਲਾਵਾ ਸਬੰਧਤ ਇੰਡਸਟਰੀ ਵੱਲੋਂ ਇਸ ਬਾਬਤ ਉਹਨਾਂ ਨੂੰ ਲੋੜੀਂਦੀ ਪ੍ਰਵਾਨਗੀ ਵੀ ਜਾਰੀ ਕੀਤੀ ਜਾਵੇਗੀ । ਹਵਾਈ, ਰੇਲਾਂ, ਬੱਸਾਂ ਆਦਿ ਰਾਂਹੀ ਇਕ ਜਗ੍ਹਾ ਤੋਂ ਦੂਜੇ ਜਗ੍ਹਾ ਤੇ ਜਾਣ ਲਈ ਛੋਟ ਹੋਵੇਗੀ । ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਨਿਰਮਾਣ ਕਾਰਜਾਂ ਸਬੰਧੀ ਛੋਟ ਹੋਵੇਗੀ ।ਖੇਤੀਬਾੜੀ ਨਾਲ ਸਬੰਧਤ ਕਾਰਜ ਕਣਕ ਦੀ ਵੇਚ-ਵੱਟ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ ਸਬੰਧੀ ਛੋਟ ਹੋਵੇਗੀ।ਈ-ਕਾਮਰਸ ਨਾਲ ਸਬੰਧਤ ਸਮਾਨ ਦੀ ਢੋਆ-ਢੁਆਈ ਸਬੰਧੀ ਛੋਟ ਹੋਵੇਗੀ ।ਵੱਖ-ਵੱਖ ਥਾਵਾਂ ‘ਤੇ ਕੋਵਿਡ ਟੀਕਾਕਰਣ ਕੈਪਾਂ ਸਬੰਧੀ ਛੋਟ ਹੋਵੇਗੀ ।
ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਸਮੂਹ ਸਬੰਧਤ ਅਧਿਕਾਰੀ ਜਿਲ੍ਹੇ ਵਿੱਚ ਗ੍ਰਹਿ ਵਿਭਾਗ, ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਗਈਆਂ ਵੱਖ-ਵੱਖ ਹਦਾਇਤਾਂ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਦੂਰੀ ਦੇ ਸਮਾਜਿਕ ਦੂਰੀ ਦੇ ਨਿਯਮਾਂ (ਦੋ ਗਾਜ਼ ਦੀ ਦੂਰੀ) ਸਮੇਤ, ਮਾਰਕੀਟ ਸਥਾਨਾਂ ਅਤੇ ਜਨਤਕ ਆਵਾਜਾਈ ਵਿੱਚ ਭੀੜ ਨੂੰ ਨਿਯਮਤ ਕਰਨਾ ਹੈ ਅਤੇ ਕੋਵਿਡ ਦੇ ਵਧਦੇ ਪ੍ਰਭਾਵ ਦੀ ਉਲੰਘਣਾ ਲਈ ਨਿਰਧਾਰਿਤ ਜ਼ੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ `ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਆਪਦਾ ਪ੍ਰਬੰਧਨ, ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਕਿਉਂਕਿ ਕਰੋਨਾ ਇੱਕ ਭਿਆਨਕ ਮਹਾਂਮਾਰੀ ਹੈ ਅਤੇ ਇਸ ਤੋਂ ਬਚਾਓ ਲਈ ਸਾਨੂੰ ਸੋਸਲ ਡਿਸਟੈਂਸ, ਮਾਸਕ ਪਹਿਨਣਾ ਅਤੇ ਸੈਨੇਟਾਈਜਰ/ਸਾਬਣ ਨਾਲ ਆਪਣੇ ਹੱਥ ਲਗਾਤਾਰ ਸਾਫ ਕਰਦੇ ਰਹਿਣਾ ਚਾਹੀਦਾ ਹੈ।