District Program Officer creates awareness about the use of local products, toys etc. under Poshan Mah

ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਪੋਸ਼ਣ ਮਾਹ ਤਹਿਤ ਸਥਾਨਕ ਉਤਪਾਦਾਂ, ਖਿਡੌਣਿਆਂ ਆਦਿ ਦੀ ਵਰਤੋਂ ਪ੍ਰਤੀ ਕੀਤਾ ਗਿਆ ਜਾਗਰੂਕ
ਤਰਨ ਤਾਰਨ 23 ਸਤੰਬਰ:
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਤਰਨ ਤਾਰਨ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਅਭਿਆਨ ਤਹਿਤ ਮਹੀਨਾ ਸਤੰਬਰ ਨੂੰ ਪੋਸ਼ਣ ਮਾਂਹ ਵਜੋਂ ਮਨਾਇਆ ਜਾ ਰਿਹਾ ਹੈ। ਜੋ ਕਿ ਇਸ ਸਾਲ 17 ਸਤੰਬਰ ਤੋਂ 16 ਅਕਤੂਬਰ 2025 ਤੱਕ ਸਮੂਹ ਆਂਗਣਵਾੜੀ ਸੈਂਟਰਾਂ ਵਿੱਚ ਮਨਾਇਆ ਜਾ ਰਿਹਾ ਹੈ।
ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜਿਸ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਹਰ ਰੋਜ਼ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸ ਸਾਲ ਵੀ ਪੋਸ਼ਣ ਮਾਂਹ ਵਿੱਚ ਵੱਖ-ਵੱਖ ਥੀਮ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦਾ ਉਦੇਸ਼ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰੀਆਂ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ, ਬੱਚਿਆਂ ਦੀ ਸਿਹਤ ਜਾਂਚ ਅਤੇ ਵਾਧਾ, ਸਥਾਨਕ ਖਾਧ ਪਦਾਰਥਾਂ ਨਾਲ ਪੋਸ਼ਟਿਕ ਭੋਜਨ ਬਣਾਉਣ ਦੇ ਪ੍ਰਦਰਸ਼ਨ ਅਤੇ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ |
ਉਨ੍ਹਾਂ ਕਿਹਾ ਕਿ ਅੱਜ ਪੋਸ਼ਣ ਮਾਹ ਦੇ ਥੀਮ ਅਨੁਸਾਰ ਸਥਾਨਕ ਉਤਪਾਦਾਂ, ਖਿਡੌਣਿਆਂ ਆਦਿ ਦੀ ਵਰਤੋਂ ਬਾਰੇ ਜਾਗਰੂਕਤਾ ਅਤੇ ਦੇਸੀ ਖਿਡੌਣੇ ਬਣਾਉਣ ਦੇ ਸ਼ੈਸ਼ਨ ਨੂੰ ਜਿਲ੍ਹਾ ਤਰਨ ਤਾਰਨ ਦੇ ਸਮੂਹ ਆਂਗਣਵਾੜੀ ਸੈਂਟਰਾਂ ਵਿੱਚ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਗਿਆ| ਖਿਡੌਣੇ ਬਚਪਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਕਿਉਂਕਿ ਇਹ ਸਰੀਰਿਕ, ਮਾਨਸਿਕ, ਅਤੇ ਭਾਵਨਾ ਤਮਕ ਵਿਕਾਸ ਵਿੱਚ ਸਹਾਇਤਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਥਾਨਕ ਖਿਡੌਣੇ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਇਹ ਪ੍ਰਾਚੀਨ ਪੁਰਾਣਿਕ ਕਹਾਣੀਆਂ ਨੂੰ ਦਰਸ਼ਾਉਂਦੇ ਹਨ ਅਤੇ ਉਹ ਸੰਪ੍ਰਦਾਏ ਅਤੇ ਰੂਪਾਂ ਨੂੰ ਪ੍ਰਗਟਾਉਂਦੇ ਹਨ, ਜੋ ਕਿ ਸਮਾਜਾਂ ਵਿਚ ਮੌਜੂਦ ਹਨ। ਅੰਗਣਵਾੜੀ ਸੈਂਟਰਾਂ ਵਿੱਚ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ, ਕਿ ਬੱਚਿਆਂ ਨੂੰ ਦੇਸੀ ਅਤੇ ਸਥਾਨਕ ਖਿਡੌਣਿਆਂ ਬਾਰੇ ਦੱਸਿਆ ਜਾਵੇ, ਕਿਉਂਕਿ ਇਹ ਵਿਰਾਸਤ ਦੀ ਸੁਰੱਖਿਆ ਦਾ ਇੱਕ ਜਰੀਆ ਹੁੰਦੇ ਹਨ|
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਦੀ ਪੋਸ਼ਣ ਸਿਹਤ ਲਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ, ਤਾਂ ਜੋ ਪੋਸ਼ਣ ਅਭਿਆਨ ਦੇ ਟੀਚੇ ਪੂਰੇ ਹੋ ਸਕਣ।