Close

District Tarn Taran topped the state with 99.95 pass% in 5th class board examination

Publish Date : 26/05/2021
DEEO

ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਤਰਨਤਾਰਨ ਜ਼ਿਲ੍ਹੇ ਦੀ ਝੰਡੀ
99.95 ਪਾਸ % ਨਾਲ ਜ਼ਿਲ੍ਹਾ ਤਰਨ ਤਾਰਨ ਸੂਬੇ ਵਿੱਚ ਪਹਿਲੇ ਨੰਬਰ ‘ਤੇ ਰਿਹਾ
ਤਰਨਤਾਰਨ, 25 ਮਈ :
ਸਰਹੱਦੀ ਜ਼ਿਲ੍ਹੇ ਤਰਨਤਾਰਨ ਜਿੱਥੇ ਸਮਾਰਟ ਸਕੂਲ ਮੁਹਿੰਮ ਅਧੀਨ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਉੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਪੰਜਵੀਂ ਜਮਾਤ ਦੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜ਼ਿਆਂ ਵਿੱਚ ਵੀ ਜ਼ਿਲ੍ਹਾ ਤਰਨਤਾਰਨ 99.95 ਪਾਸ ਪ੍ਰਤੀਸ਼ਤਤਾ ਨਾਲ ਪੰਜਾਬ ਭਰ ਵਿੱਚ ਚੋਟੀ ‘ਤੇ ਰਿਹਾ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਅਤੇ ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਦੱਸਿਆ ਕਿ ਇਹ ਪ੍ਰਾਪਤੀ ਦਾ ਸਿਹਰਾ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਬਲਾਕ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ, ਜ਼ਿਲ੍ਹੇ ਦੀ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਅਧਿਆਪਕਾਂ ਦੀ ਦਿਨ ਰਾਤ ਕੀਤੀ ਮਿਹਨਤ ਨੂੰ ਜਾਂਦਾ ਹੈ।
ਇਸ ਮੌਕੇ ਉਹਨਾਂ ਬੀਪੀਈਓ ਚੋਹਲਾ ਸਾਹਿਬ ਜਸਵਿੰਦਰ ਸਿੰਘ, ਬੀਪੀਈਓ ਗੰਡੀਵਿੰਡ ਅਨੂਰੂਪ ਬੇਦੀ, ਬੀਪੀਈਓ ਨੌਸ਼ਹਿਰਾ ਪਨੂੰਆਂ ਵੀਰਜੀਤ ਕੌਰ, ਬੀਪੀਈਓ ਖਡੂਰ ਸਾਹਿਬ ਪਰਮਜੀਤ ਸਿੰਘ, ਬੀਪੀਈਓ ਪੱਟੀ ਪਰਮਜੀਤ ਕੌਰ, ਬੀਪੀਈਓ ਭਿੱਖੀਵਿੰਡ ਹਰਜੀਤ ਸਿੰਘ, ਬੀਪੀਈਓ ਵਲਟੋਹਾ ਪਾਰਸ ਕੁਮਾਰ ਅਤੇ ਬੀਪੀਈਓ ਨੂਰਦੀ ਹਰਜਿੰਦਰਪਰੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਪੜ੍ਹੋ ਪੰਜਾਬ ਕੋਆਰਡੀਨੇਟਰ ਨਵਦੀਪ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਅਨੂਪ ਸਿੰਘ ਮੈਣੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਹੌਸਲਾ ਅਫ਼ਜ਼ਾਈ ਕੀਤੀ।
ਉਹਨਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਬਦੀਲ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਅਸਰ ਜ਼ਿਲ੍ਹੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ, ਜਿੱਥੇ ਪ੍ਰਾਇਮਰੀ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਉੱਥੇ ਲੋਕਾਂ ਦੀ ਵੀ ਸਰਕਾਰੀ ਸਕੂਲਾਂ ਪ੍ਰਤੀ ਸੋਚ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਕਾਲ ਦੌਰਾਨ ਵੀ ਸੈਸ਼ਨ 2020-21 ਵਿੱਚ 64071 ਬੱਚਿਆਂ ਦੇ ਮੁਕਾਬਲੇ ਸੈਸ਼ਨ 2021-22 ਦੌਰਾਨ ਹੁਣ ਤੱਕ 68976 ਬੱਚੇ ਦਾਖ਼ਲ ਹੋ ਚੁੱਕੇ ਹਨ ਅਤੇ 4905 ਵਿਦਿਆਰਥੀਆਂ ਦਾ ਵਾਧਾ ਦਰਜ਼ ਕੀਤਾ ਜਾ ਚੁੱਕਾ ਹੈ ਅਤੇ ਇਹ ਵਾਧਾ ਅਜੇ ਹੋਰ ਉੱਪਰ ਜਾਣ ਦੀ ਭਰਪੂਰ ਉਮੀਦ ਹੈ।
ਡੀਈਓ ਐਲੀਮੈਂਟਰੀ ਤਰਨਤਾਰਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਅਧਿਆਪਕ ਲਾੱਕਡਾਉਨ ਦੌਰਾਨ ਵੀ ਆਨਲਾਈਨ ਸਿੱਖਿਆ ਦੁਆਰਾ ਬੱਚਿਆਂ ਨਾਲ ਜੁੜੇ ਹੋਏ ਹਨ। ਇਸ ਮੌਕੇ ਉਹਨਾਂ ਅਧਿਆਪਕਾਂ ਨੂੰ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।