Close

District Task Force meeting under the chairmanship of Deputy Commissioner to prevent dengue outbreak in the district

Publish Date : 29/11/2019
DC
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
ਤਰਨ ਤਾਰਨ, 29 ਨਵੰਬਰ :
ਜ਼ਿਲ੍ਹੇ ਵਿੱਚ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਹੁਣ ਤੱਕ 78 ਮਰੀਜਾਂ ਨੂੰ ਡੇਂਗੂ ਦਾ ਮੁਫਤ ਇਲਾਜ ਮੁਹਾਇਆ ਕਰਵਾਇਆ ਜਾ ਚੁੱਕਾ ਹੈ ਅਤੇ ਜਿਲਾ ਹਸਪਤਾਲ ਦੇ ਡੇਂਗੂ ਵਾਰਡ ਵਿੱਚ 3 ਮਰੀਜ਼ ਇਲਾਜ ਅਧੀਨ ਹਨ।ਉਹਨਾਂ ਦੱਸਿਆ ਕਿ ਸਾਲ 2019 ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿੱਚ 27 ਨਵੰਬਰ ਤੱਕ ਡੇਂਗੂ ਦੇ 694 ਸ਼ੱਕੀ ਮਰੀਜ਼ਾਂ ਵਿੱਚੋਂ 334 ਮਰੀਜ ਪੌਜ਼ੀਟਿਵ ਪਾਏ ਗਏ।ਪੌਜ਼ੀਟਿਵ ਮਰੀਜਾਂ ਦੇ ਘਰ ਅਤੇ ਆਲੇ-ਦੁਆਲੇ ਦੇ ਘਰਾਂ ਦਾ ਸਰਵੇ ਕੀਤਾ ਗਿਆ ਅਤੇ ਇੰਨਡੋਰ ਰੈਸੀਡਿਊਲ ਸਪਰੇ ਕਰਵਾਈ ਗਈ।ਉਹਨਾਂ ਦੱਸਿਆ ਕਿ ਹੁਣ ਤੱਕ 16322 ਘਰਾ ਦਾ ਇੰਨਸੈਕਟ ਕੁਲੈਕਟਰ ਵੱਲੋਂ ਨਰੀਖਣ ਕੀਤਾ ਗਿਆ, ਜਿਸ ਦੌਰਾਨ 129 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਚਲਾਉਂਦੇ ਡਾਕਟਰਾਂ ਨੂੰ ਆਦੇਸ਼ ਦਿੱਤੇ ਕਿ ਉਹਨਾਂ ਦੇ ਕਲੀਨਿਕਾਂ ਵਿੱਚ ਆਉਣ ਵਾਲੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਬਾਰੇ ਲਿਖਤੀ ਰੂਪ ਵਿੱਚ ਦਫਤਰ ਸਿਵਲ ਸਰਜਨ ਨੂੰ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ।ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਚਲਾਉਂਦੇ ਡਾਕਟਰਾਂ ਨੂੰ ਸਾਰੇ ਡੇਂਗੂ ਦੇ ਸ਼ੱਕੀ ਕੇਸਾਂ ਬਾਰੇ ਜ਼ਿਲ੍ਹਾ ਹੈਡਕੁਆਟਰ ਤੋਂ ਟੈਸਟ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਬੁਖਾਰ ਦੇ ਲੱਛਣ ਅਤੇ ਬਚਾਅ ਦੇ ਤਰੀਕਿਆ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਜ਼ਿਲ੍ਹਾ ਪੇਂਡੂ ਅਤੇ ਪੰਚਾਇਤ ਵਿਕਾਸ ਵਿਭਾਗ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਪੰਚਾਇਤਾ ਨੂੰ ਡੇਂਗੂ ਸਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਧਾਰਮਿਕ ਸਥਾਨਾਂ ਵਿੱਚ ਰੋਜ਼ਾਨਾ ਲੋਕਾ ਨੂੰ ਸਾਫ-ਸਫਾਈ ਰੱਖਣ ਅਤੇ ਘਰਾਂ ਦੇ ਕੂਲਰ, ਪਾਣੀ ਦੀਆਂ ਟੈਂਕੀਆਂ, ਡੰਗਰਾਂ ਦੇ ਪਾਣੀ ਪੀਣ ਵਾਲੀਆਂ ਖੁਰਲੀਆਂ ਦੀ ਸਫਾਈ ਅਤੇ ਹੋਰ ਵਾਧੂ ਟੁੱਟੇ-ਭੱਜੇ ਸਮਾਨ ਵਿੱਚ ਬਰਸਾਤ ਦਾ ਪਾਣੀ ਨਾ ਇੱਕਠਾ ਹੋਣ ਬਾਰੇ ਅਪੀਲ ਕੀਤੀ ਜਾਵੇ।ਜ਼ਿਲੇ੍ਹ ਵਿੱਚ ਕੰਮ ਕਰਦੀਆਂ ਐਨ. ਜੀ. ਓਜ਼ ਨੂੰ ਡੇਂਗੂ ਜਾਗਰੂਕਤਾ ਸਬੰਧੀ ਕੈਂਪ ਲਗਾਉਣ ਬਾਰੇ ਹਦਾਇਤ ਕੀਤੀ ਜਾਵੇ। 
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਿੲਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ, ਸਕੈਂਡਰੀ ਅਤੇ ਸੀਨੀਅਰ ਸੰਕੈਡਰੀ ਸਕੂਲਾਂ ਵਿੱਚ ਬੱਚਿਆ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਸਵੇਰ ਦੀ ਸਭਾ ਵਿੱਚ ਸਪੀਚ ਜਾਂ ਵੱਖਰੇ ਤੌਰ ‘ਤੇ ਸਪੈਸ਼ਲ ਲੈਕਚਰ ਕਰਵਾਇਆ ਜਾਵੇ ਤਾਂ ਜੋ ਡੇਂਗੂ ਬੁਖਾਰ ਦੇ ਬਚਾਅ ਸਬੰਧੀ ਸੁਨੇਹਾਂ ਘਰ-ਘਰ ਪੁਹਚਾਇਆ ਜਾ ਸਕੇ ਅਤੇ ਡੇਂਗੂ ਤੋਂ ਬਚਾਅ ਸਬੰਧੀ ਬੱਚਿਆਂ ਵਿੱਚ ਕੁਵਿਜ਼ ਮੁਕਾਬਲੇ ਕਰਵਾਏ ਜਾਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਡੇਂਗੂ ਦੇ ਜ਼ਿਆਦਾਤਰ ਮਰੀਜ਼ ਪਿੰਡ ਕੱਕਾ ਕੰਡਿਆਲਾ ਅਤੇ ਮਹੁੱਲਾ ਮੁਰਾਦਪੁਰਾ, ਤਰਨ ਤਾਰਨ ਵਿੱਚ ਪਾਏ ਗਏ।ਸਿਹਤ ਵਿਭਾਗ ਤਰਨ ਤਾਰਨ ਵੱਲੋਂ 4 ਨਵੰਬਰ ਨੂੰ ਪਿੰਡ ਕੱਕਾ ਕੰਡਿਆਲਾ ਵਿਖੇ ਡੇਂਗੂ ਜਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਮੁਹਿੰਮ ਦੌਰਾਨ ਡੋਰ-ਟੂ-ਡੋਰ ਸਰਵੇ ਕੀਤਾ ਗਿਆ ਅਤੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ, ਤਰਨ ਤਾਰਨ ਵਿਖੇ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਤੋਂ ਇਲਾਵਾ ਮੁਹੱਲਾ ਮੁਰਾਦਪੁਰਾ ਤਰਨ ਤਾਰਨ ਵਿਖੇ ਵੀ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਆਮ ਲੋਕਾ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਦੇ ਤਰੀਕਿਆਂ ਨਾਲ ਜਾਣੂ ਕਰਵਾਇਆ ਗਿਆ ਅਤੇ ਡੇਂਗੂ ਦੇ ਸ਼ੱਕੀ ਮਰੀਜਾਂ ਨੂੰ ਲੱਛਣਾ ਦੇ ਅਧਾਰ ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
——————