Close

To Protect from Corona virus all markets, shops, factories, private offices and other public places were closed till March 31

Publish Date : 22/03/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਤਰਨ ਤਾਰਨ
ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ਦੇ ਸਮੂਹ ਬਾਜ਼ਾਰ, ਦੁਕਾਨਾਂ, ਫੈਕਟਰੀਆਂ, ਪ੍ਰਾਈਵੇਟ ਦਫ਼ਤਰ ਅਤੇ ਹੋਰ ਜਨਤਕ ਥਾਵਾਂ 31 ਮਾਰਚ ਰਾਤ 9 ਵਜੇ ਤੱਕ ਬੰਦ
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਹੁਕਮ ਜਾਰੀ
ਮੈਡੀਕਲ ਸਟੋਰ, ਕਰਿਆਨਾ ਸਟੋਰ, ਦੁੱਧ, ਫ਼ਲ ਅਤੇ ਸਬਜ਼ੀ ਵਿਕ੍ਰੇਤਾਵਾਂ, ਪੈਟਰੋਲ ਪੰਪ, ਨਰਸਿੰਗ ਹੋਮ, ਕਲੀਨਿਕ, ਬੈਂਕ ਅਤੇ ਏ. ਟੀ. ਐਮਜ਼ ਨੂੰ ਹੁਕਮਾਂ ਤੋਂ ਛੋਟ
ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ
ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਤਰਨ ਤਾਰਨ, 22 ਮਾਰਚ:
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (2 ਆਫ 1974 ) ਦੀ ਧਾਰਾ 144 ਅਧੀਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਆਮ ਲੋਕਾਂ ਨੂੰ ਕੋਵਿਡ-2019 (ਕੋਰੋਨਾ ਵਾਇਰਸ) ਕਾਰਨ ਪ੍ਰਭਾਵਿਤ ਹੋਣ ਤੋਂ ਬਚਾਉਣ ਅਤੇ ਆਪਾਤਕਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਦੇ ਸਮੂਹ ਬਾਜ਼ਾਰ, ਦੁਕਾਨਾਂ ਵਪਾਰਕ ਅਦਾਰੇ, ਫੈਕਟਰੀਆਂ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਉਹਨਾਂ ਕਿਹਾ ਕਿ ਇਹ ਬੰਦ ਸੋਮਵਾਰ ਨੂੰ ਸਵੇਰੇ 6 ਵਜੇ ਤੋਂ 31 ਮਾਰਚ ਰਾਤ 9 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਸਾਰੀਆਂ ਜ਼ਰੂਰੀ ਵਸਤੂਆਂ ਮੁਹੱਈਆ ਹੋਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਜ਼ਰੂਰੀ ਵਸਤਾਂ ਦੀ ਸਪਲਾਈ ਜਿਵੇਂ ਕਿ ਰਾਸ਼ਨ ਦੀ ਸਪਲਾਈ, ਪੀਣ ਵਾਲੇ ਪਦਾਰਥਾਂ ਦੀ ਸਪਲਾਈ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥ, ਤਾਜ਼ਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ ਅਤੇ ਉਦਯੋਗ, ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਪੰਪ, ਰਾਈਸ ਸ਼ੈਲਰ (ਜਿਨ੍ਹਾਂ ਵਿੱਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਾਰਵਾਹਾਂ, ਪਸ਼ੂ ਡਿਸਪੈਂਸਰੀਆਂ, ਗਊਸ਼ਾਲਾਵਾਂ, ਘਰੇਲੂ ਅਤੇ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ,ਦਵਾਈਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਵਿੱਚ ਮਿਲਣ ਵਾਲੇ ਸਿਹਤ ਸੇਵਾਵਾਂ ਸਬੰਧੀ ਪਦਾਰਥ, ਸਿਹਤ ਸੇਵਾਵਾਂ, ਮੈਡੀਕਲ ਵਰਤੋਂ ਵਿੱਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ, ਸੰਚਾਰ ਸੇਵਾਵਾਂ, ਇੰਸ਼ੋਰੈਂਸ ਸੇਵਾਵਾਂ, ਬੈਂਕ ਅਤੇ ਏ.ਟੀ.ਐਮ ਸੇਵਾਵਾਂ, ਡਾਕਖਾਨਾ, ਕਣਕ ਤੇ ਚਾਵਲ ਦੀ ਢੋਆ-ਢੁਆਈ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਜ਼ਰੂਰੀ ਸਮਾਨ ਅਤੇ ਜ਼ਰੂਰੀ ਸੇਵਾਵਾਂ ਦੀ ਟਰਾਂਸਪੋਰਟੇਸ਼ਨ, ਅਨਾਜ ਦੀ ਖਰੀਦ ਤੇ ਭੰਡਾਰਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ ਅਤੇ ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਬਿਜਲੀ ਦੀ ਨਿਰਵਿਘਨ ਸਪਲਾਈ ਤੇ ਉਤਪਾਦਨ ਲਈ ਲੋਂੜੀਦੇ ਕੰਮ, ਸੰਕਟ ਦੀ ਸਥਿਤੀ ਵਿੱਚ ਪਬਲਿਕ ਹੈਲਥ ਸੇਵਾਵਾਂ, ਪੁਲਿਸ, ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ), ਫਸਲਾਂ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ ਅਤੇ ਕੰਬਾਇਨਾਂ ਅਤੇ ਫਸਲ ਦੀ ਵਾਢੀ ਸਬੰਧੀ ਕੰਮ ਕਾਜ, ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ, ਮੀਡੀਆ, ਈ-ਕਾਮਰਸ ਅਤੇ ਜ਼ਰੂਰੀ ਆਈ. ਟੀ. ਸੇਵਾਵਾਂ, ਜ਼ਰੂਰੀ ਵਸਤਾਂ ਦੀ ਸਪਲਾਈ ਲਈ ਢੋਆ-ਢੁਆਈ ਵਾਲੇ ਵਹੀਕਲ ਨੂੰ ਇਹਨਾਂ ਹੁਕਮਾਂ ਤੋਂ ਛੋਟ ਹੋਵੇਗੀ। 
ਜ਼ਿਲ੍ਹੇ ਦੇ ਸਮੂਹ ਢਾਬੇ ਅਤੇ ਰੈਸਟੋਰੈਂਟ ਆਦਿ ਵਿੱਚ ਬੈਠਣ ਦੀ ਸਹੂਲਤ ਨਹੀਂ ਹੋਵੇਗੀ ਅਤੇ ਸਿਰਫ਼ ਟੇਕ-ਅਵੇ ਮੀਲ (ਖਾਣਾ ਘਰ ਲਿਜਾਉਣ) ਦੀ ਸਹੂਲਤ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਹੋਟਲ, ਰਿਜ਼ੌਰਟ, ਮੈਰਿਜ ਪੈਲੇਸ ਵਿੱਚ ਕਿਸੇ ਦੀ ਤਰ੍ਹਾਂ ਦੇ ਫੰਕਸ਼ਨ ਜਾਂ ਇੱਕਠ ਕਰਨ `ਤੇ ਪੂਰਨ ਪਾਬੰਦੀ ਹੋਵੇਗੀ।ਇਹ ਹੁਕਮ 31 ਮਾਰਚ ਦੀ ਰਾਤ 9 ਵਜੇ ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ, ਐੱਸ. ਡੀ. ਐੱਮ. ਦਫ਼ਤਰ, ਤਹਿਸੀਲ ਦਫ਼ਤਰ, ਪੁਲਿਸ ਵਿਭਾਗ, ਸਿਹਤ ਵਿਭਾਗ, ਬਿਜਲੀ ਵਿਭਾਗ, ਪਸ਼ੂ ਪਾਲਣ ਵਿਭਾਗ, ਅਰਬਨ ਲੋਕਲ ਬਾਡੀਜ਼, ਫਾਇਰ ਬ੍ਰਿਗੇਡ ਦਫ਼ਤਰ, ਸੁਰੱਖਿਆ ਅਦਾਰੇ, ਸੈਂਟਰਲ ਪੁਲਿਸ, ਪੈਰਾ ਮਿਲਟਰੀ ਆਰਗੇਨਾਈਜੇਸ਼ਨ ਸਮੇਤ ਐੱਨ. ਡੀ. ਆਰ. ਐੱਫ਼. ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਾਈ ਕੀਤੇ ਕੋਈ ਵੀ ਸਰਕਾਰੀ ਦਫ਼ਤਰ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਧਾਰਾ 114 ਅਧੀਨ ਇਹ ਬੰਦਸ਼ਾਂ ਜਾਰੀ ਰਹਿਣਗੀਆਂ, ਜਿਸ ਤਹਿਤ ਇਸ ਸਮੇਂ ਦੌਰਾਨ ਜਨਤਕ ਥਾਂ ‘ਤੇ 7 ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ‘ਤੇ ਰੋਕ ਹੋਵੇਗੀ।ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 24 ਘੰਟੇ ਚੱਲਣ ਵਾਲਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ, ਕਮਰਾ ਨੰਬਰ 217 ਵਿੱਚ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ 1852-224115 ਹੈ।ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤੇ ਉਸ ਨੇ ਖ਼ੁਦ ਇਸ ਬਾਰੇ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਤਾਂ ਉਸ ਵਿਅਕਤੀ ਸਬੰਧੀ ਸੂਚਨਾ, ਕੁਆਰੰਟੀਨ ਦੀ ਉਲੰਘਣਾ ਅਤੇ ਕੋਰੋਨਾ ਦੇ ਲੱਛਣਾਂ ਬਾਰੇ ਵਿਅਕਤੀਆਂ ਬਾਰੇ ਸੂਚਨਾ ਕੰਟਰੋਲ ਰੂਮ ਦੇ ਨੰਬਰ ਉਤੇ ਦਿੱਤੀ ਜਾ ਸਕਦੀ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਆਏ ਇੱਕ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗਟਿਵ ਆਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਨੇ ਨਾਲ ਹੀ ਨਗਰ ਕੌਂਸਲਾਂ ਦੇ ਸਮੂਹ ਕਾਰਜਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਪੂਰੀ ਸਫਾਈ ਕਰਵਾ ਕੇ ਸ਼ਹਿਰਾਂ ਨੂੰ ਸੈਨੇਟਾਈਜ਼ ਕੀਤਾ ਜਾਵੇ। ਉਨ੍ਹਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਅਨਾਊਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਅਤੇ ਜਾਰੀ ਕੀਤੇ ਪਾਬੰਦੀਆਂ ਦੇ ਹੁਕਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਰੇ ਕਦਮ ਲੋਕਾਂ ਦੀ ਭਲਾਈ ਲਈ ਹੀ ਚੁੱਕੇ ਜਾ ਰਹੇ ਹਨ।ਇਸ ਲਈ ਲੋਕ ਸਰਕਾਰ ਨੂੰ ਇਸ ਸਬੰਧੀ ਪੂਰਨ ਸਹਿਯੋਗ ਦੇਣ।  
—————