Due to the efforts of the administration, the water level in the power grid of Naushera and Deu Bath decreased.
Publish Date : 11/07/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਸ਼ਾਸ਼ਨ ਦੇ ਯਤਨਾਂ ਸਦਕਾ ਨੌਸ਼ਹਿਰਾ ਅਤੇ ਦਿਊ ਬਾਠ ਦੇ ਪਾਵਰ ਗਰਿੱਡ ਵਿੱਚ ਭਰੇ ਪਾਣੀ ਦਾ ਪੱਧਰ ਘਟਿਆ
ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਖੁਦ ਕਰ ਰਹੇ ਪ੍ਰਬੰਧਾਂ ਦੀ ਸਮੀਖਿਆ, ਪੰਪਾਂ ਰਾਹੀਂ ਵੀ ਕੀਤੀ ਜਾਵੇਗੀ ਪਾਣੀ ਦੀ ਨਿਕਾਸੀ
ਬੋਰੀਆਂ ਦੇ ਬੰਨ੍ਹ ਲਗਾ ਕੇ ਭਵਿੱਖ ਵਿੱਚ ਬਾਹਰੋਂ ਪੈਣ ਵਾਲੇ ਪਾਣੀ ਨੂੰ ਵੀ ਰੋਕਿਆ ਜਾਵੇਗਾ-ਵਧੀਕ ਡਿਪਟੀ ਕਮਿਸ਼ਨਰ
ਤਰਨ ਤਾਰਨ, 10 ਜੁਲਾਈ :
ਜਿ਼ਲ੍ਹਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਅਤੇ ਦੀਊ ਬਾਠ ਦਾ ਦੇ ਪੰਜਾਬ ਪਾਵਰ ਸਪਲਾਈ ਕਾਰਪੋਰੇਸ਼ਨ ਲਿਮਿਟਡ ਦੇ ਗਰਿੱਡ ਵਿੱਚ ਪਿਛਲੇ ਦਿਨੀਂ ਕਾਫ਼ੀ ਮਾਤਰਾ ਵਿੱਚ ਪਾਣੀ ਭਰ ਗਿਆ ਸੀ। ਇਸ ਸਥਿਤੀ ਦਾ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀਮਤੀ ਅਮਨਿੰਦਰ ਕੌਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਦੌਰਾ ਕੀਤਾ ਅਤੇ ਤੁਰੰਤ ਪ੍ਰਭਾਵ ਨਾਲ ਲੋੜੀਂਦੇ ਪ੍ਰਬੰਧ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਸ੍ਰੀਮਤੀ ਅਮਨਿੰਦਰ ਕੌਰ ਨੇ ਬਿਜਲੀ ਦੇ ਗਰਿੱਡਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੇ ਭਰੇ ਪੱਧਰ ਵਿੱਚ ਹੁਣ ਕਾਫ਼ੀ ਗਿਰਾਵਟ ਆ ਚੁੱਕੀ ਹੈ ਅਤੇ ਸਥਿਤੀ ਕੰਟਰੋਲ ਵਿੱਚ ਹੈ। ਦੋਨਾਂ ਗਰਿੱਡਾਂ ਦੇ ਪਾਣੀ ਦੀ ਨਿਕਾਸੀ ਖਾਈਆਂ ਜਰੀਏ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪਾਣੀ ਖਾਈਆਂ ਵਿੱਚ ਪੈਣਯੋਗ ਹੋਵੇਗਾ ਪਹਿਲਾਂ ਉਸਨੂੰ ਪੂਰਾ ਕੀਤਾ ਜਾਵੇਗਾ ਉਸਤੋਂ ਬਾਅਦ ਪੰਪਾਂ ਰਾਹੀਂ ਪਾਣੀ ਨੂੰ ਬਾਹਰ ਕੱਢਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਵਿੱਖ ਵਿੱਚ ਗਰਿੱਡ ਦੇ ਅੰਦਰ ਬਾਹਰਲਾ ਪਾਣੀ ਜਮ੍ਹਾਂ ਨਾ ਹੋ ਸਕੇ ਇਸਦੇ ਮਿੱਟੀ ਦੀਆਂ ਬੋਰੀਆਂ ਨਾਲ ਬੰਨ੍ਹ ਬਣਾ ਕੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਲੋੜ ਜਾਪਦੀ ਹੋਈ ਤਾਂ ਇੱਥੇ ਪੁਲਿਸ ਫੋਰਸ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਪਾਣੀ ਦੀ ਨਿਕਾਸੀ ਵਾਲੇ ਪੰਪਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਹੜ੍ਹਾਂ ਤੋਂ ਆਮ ਲੋਕਾਂ ਜਾਂ ਸਰਕਾਰੀ ਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਜਿ਼ਲ੍ਹੇ ਦੇ ਉੱਚ ਪੱਧਰੀ ਅਧਿਕਾਰੀ ਲਗਾਤਾਰ ਪਿੰਡਾਂ/ਸ਼ਹਿਰਾਂ ਜਾਂ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਬਣਾ ਰਹੇ ਹਨ ਜਿਸ ਨਾਲ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਜ਼ਮੀਨੀ ਪੱਧਰ ਉੱਪਰ ਪਤਾ ਲਗਾਇਆ ਜਾ ਰਿਹਾ ਹੈ ਅਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।