Close

Efforts will be made in the district of Tarn Tarn to enhance the cultivation of coarse grains-Deputy Commissioner

Publish Date : 09/02/2023
1

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਕੀਤੇ ਜਾਣਗੇ ਉਪਰਾਲੇ-ਡਿਪਟੀ ਕਮਿਸ਼ਨਰ
ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਸਬੰਧੀ ਪ੍ਰੇਰਿਤ ਕਰਨ ਅਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਨੂੰ ਕੀਤੀ ਹਦਾਇਤ
ਮੋਟੇ ਅਨਾਜਾਂ ਨੂੰ ਆਪਣੀ ਰੋਜ਼ਮਰਾਂ ਦੀ ਖੁਰਾਕ ਦਾ ਹਿੱਸਾ ਬਣਾਉਣ ਲਈ ਲੋਕਾਂ ਨੂੰ ਕੀਤੀ ਅਪੀਲ
ਤਰਨ ਤਾਰਨ, 08 ਫਰਵਰੀ :
ਦੁਨੀਆਂ ਭਰ ਵਿੱਚ ਮੋਟੇ ਅਨਾਜਾਂ ਪ੍ਰਤੀ ਜਨ-ਜਾਗਰੂਕਤਾ ਅਤੇ ਇੰਨ੍ਹਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਸਾਲ 2023 ਨੂੰ ਮੋਟੇ ਅਨਾਜਾਂ ਸਬੰਧੀ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਟੇ ਅਨਾਜ ਵਾਲੀਆਂ ਫਸਲਾਂ ਘੱਟ ਪਾਣੀ ਨਾਲ ਪੱਕਦੀਆਂ ਹਨ ਅਤੇ ਇਹ ਜਿ਼ਲ੍ਹੇ ਵਿੱਚ ਸਰਕਾਰ ਦੇ ਫਸਲੀ ਵਿਭਿਨੰਤਾ ਪ੍ਰੋਗਰਾਮ ਦਾ ਅਧਾਰ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਸਾਡੀ ਪੁਰਾਤਨ ਭਾਰਤੀ ਖੇਤੀ ਦਾ ਪ੍ਰਮੁੱਖ ਹਿੱਸਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦ ਕਿਸਾਨ ਆਪਣੀ ਜਮੀਨ ਵਿਚ ਵੱਖ-ਵੱਖ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ ਤਾਂ ਜਮੀਨ ਦੀ ਉਪਜਾਊ ਸ਼ਕਤੀ ‘ਤੇ ਵੀ ਅਸਰ ਨਹੀਂ ਪੈਂਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਕਰਨ ਸਬੰਧੀ ਪ੍ਰੇਰਿਤ ਕਰਨ ਅਤੇ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ।ਉਨ੍ਹਾਂ ਨੇ ਕਿਸਾਨਾਂ ਨੂੰ ਵੀ ਮੋਟੇ ਅਨਾਜਾਂ ਦੀ ਖੇਤੀ ਹੇਠ ਕੁੱਝ ਰਕਬਾ ਲਿਆਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਮੋਟੇ ਅਨਾਜਾਂ ਨੂੰ ਆਪਣੀ ਰੋਜ਼ਮਰਾਂ ਦੀ ਖੁਰਾਕ ਦਾ ਹਿੱਸਾ ਵੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਸਿਹਤ ਲਈ ਬਹੁਤ ਲਾਭਕਾਰੀ ਹਨ ਅਤੇ ਇੰਨ੍ਹਾਂ ਤੋਂ ਬਹੁਤ ਹੀ ਪੌਸ਼ਟਿਕ ਅਤੇ ਸਵਾਦਿਸ਼ਟ ਪਕਵਾਨ ਤਿਆਰ ਹੁੰਦੇ ਹਨ।