Elections for the vacant posts of 09 Sarpanches and 99 Panches of Tarn Taran district on July 27 – District Election Officer

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਤਰਨ ਤਾਰਨ ਦੇ 09 ਸਰਪੰਚਾਂ ਅਤੇ 99 ਪੰਚਾਂ ਦੇ ਖਾਲੀ ਅਹੁਦਿਆਂ ਲਈ ਚੋਣਾਂ 27 ਜੁਲਾਈ ਨੂੰ-ਜ਼ਿਲਾ ਚੋਣ ਅਫਸਰ
14 ਜੁਲਾਈ ਤੋਂ 17 ਜੁਲਾਈ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ
ਤਰਨ ਤਾਰਨ, 13 ਜੁਲਾਈ:
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 09 ਸਰਪੰਚਾਂ ਅਤੇ 99 ਪੰਚਾਂ ਦੇ ਖਾਲੀ ਅਹੁਦਿਆਂ ਲਈ ਚੋਣ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈ ਜਾ ਰਹੀ ਹੈ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਅਨੁਸਾਰ 14 ਜੁਲਾਈ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 17 ਜੁਲਾਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ 18 ਜੁਲਾਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 19 ਜੁਲਾਈ ਨੂੰ ਉਮੀਦਵਾਰ ਆਪਣੇ ਪੇਪਰ ਵਾਪਸ ਲੈ ਸਕਦੇ ਹਨ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ 28 ਜੁਲਾਈ ਦਿਨ ਸੋਮਵਾਰ ਨੂੰ ਮੁਕੰਮਲ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਛੇ ਬਲਾਕਾਂ (ਤਰਨ ਤਾਰਨ, ਗੰਡੀਵਿੰਡ, ਖਡੂਰ ਸਾਹਿਬ, ਚੋਹਲਾ ਸਾਹਿਬ, ਭਿੱਖੀਵਿੰਡ ਅਤੇ ਵਲਟੋਹਾ) ਵਿੱਚ ਵੱਖ-ਵੱਖ ਢੁਕਵੀਆਂ ਜਗ੍ਹਾਂਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਥੇ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਉਮੀਦਵਾਰ ਪਹੁੰਚ ਕਰ ਸਕਦੇ ਹਨ।ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਉਹਨਾਂ ਦੱਸਿਆ ਕਿ ਬਲਾਕ ਤਰਨ ਤਾਰਨ ਦੇ 22 ਪਿੰਡਾਂ ਦੀਆਂ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਤਰਨ ਤਾਰਨ ਵਿਖੇ, ਬਲਾਕ ਗੰਡੀਵਿੰਡ ਦੇ 8 ਪਿੰਡਾਂ ਲਈ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਗੰਡੀਵਿੰਡ ਵਿਖੇ, ਬਲਾਕ ਖਡੂਰ ਸਾਹਿਬ ਦੇ 2 ਪਿੰਡਾਂ ਲਈ ਨਾਮਜ਼ਦਗੀਆਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ, ਬਲਾਕ ਚੋਹਲਾ ਸਾਹਿਬ ਦੇ 5 ਪਿੰਡਾਂ ਲਈ ਨਾਮਜ਼ਦਗੀਆਂ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਬਲਾਕ ਵਲਟੋਹਾ ਦੇ 2 ਪਿੰਡਾਂ ਲਈ ਬੀ. ਡੀ. ਪੀ. ਓ. ਦਫਤਰ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਦੇ 8 ਪਿੰਡਾਂ ਲਈ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਭਿੱਖੀਵਿੰਡ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ।
ਨਾਮਜ਼ਦਗੀਆਂ ਅਤੇ ਚੋਣਾਂ ਸਬੰਧੀ ਲੋੜੀਂਦੇ ਫਾਰਮ ਰਾਜ ਚੋਣ ਕਮਿਸ਼ਨ ਪੰਜਾਬ ਦੀ ਵੈਬਸਾਈਟ https://sec.punjab.gov.in ਉਤੇ ਵੀ ਉਪਲੱਬਧ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਰਪੰਚ-ਪੰਚ ਦੀਆਂ ਖਾਲੀ ਅਸਾਮੀਆਂ ਦੀ ਸੂਚੀ ਸਮੇਤ ਰਿਜ਼ਰਵੇਸ਼ਨ, ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਸੂਚੀ ਅਤੇ ਇਲੈਕਸ਼ਨ ਸਬੰਧੀ ਸਾਰਾ ਸ਼ਡਿਊਲ ਜ਼ਿਲ੍ਹੇ ਦੀ ਵੈੱਬ ਸਾਈਟ https://tarntaran.nic.in ਉੱਤੇ ਉਪਲੱਬਧ ਹੈ।
ਉਹਨਾਂ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।