Close

Emphasis should be placed on the quality of education at the beginning of the session – Satnam Singh Bath

Publish Date : 11/04/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਸੈਸ਼ਨ ਦੇ ਆਰੰਭ ਵਿੱਚ ਹੀ ਵਿੱਦਿਆ ਦੇ ਮਿਆਰ ਤੇ ਜੋਰ ਦਿੱਤਾ ਜਾਵੇ – ਸਤਨਾਮ ਸਿੰਘ ਬਾਠ

ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਵਚਨਬੱਧ – ਚੇਅਰਮੈਨ ਦਿਲਬਾਗ ਸਿੰਘ

ਤਰਨ ਤਾਰਨ, 03 ਅਪ੍ਰੈਲ :

ਅੱਜ ਤਰਨ ਤਰਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ/ਇੰਚਾਰਜਾਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਿਛਲੇ ਸਾਲ ਦੇ ਕੀਤੇ ਸਾਰੇ ਵਿਭਾਗੀ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਾਣਯੋਗ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀ ਏ ਅਤੇ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਦਿਲਬਾਗ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਤਨਾਮ ਸਿੰਘ ਬਾਠ ਨੇ ਕਿਹਾ ਕਿ ਨਵੇਂ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਦਾਖਲਾ ਵੱਧ ਤੋਂ ਵੱਧ ਵਧਾਇਆ ਜਾਵੇ। ਇਸ ਮੰਤਵ ਲਈ ਡੋਰ ਟੂ ਡੋਰ ਘਰਾਂ ਤੱਕ ਪਹੁੰਚ ਬਣਾਉਣੀ ਯਕੀਨੀ ਬਣਾਈ ਜਾਵੇ। ਇਸ ਕਾਰਜ ਲਈ ਬੱਚਿਆਂ ਦੇ ਮਾਪਿਆਂ ਐਸ ਐਮ ਸੀ ਕਮੇਟੀ ਮੈਂਬਰਾਂ ਅਤੇ ਪੰਚਾਇਤ ਦਾ ਵੀ ਸਹਿਯੋਗ ਲਿਆ ਜਾਵੇ । ਉਹਨਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਇਸ ਵਾਰ ਸੈਸ਼ਨ ਦੇ ਆਰੰਭ ਵਿੱਚ ਹੀ ਵਿੱਦਿਆ ਦੇ ਮਿਆਰ ਤੇ ਜੋਰ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਸ਼ੁਰੂ ਸਾਲ ਤੋਂ ਹੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਸਮੂਹ ਵਿਦਿਆਰਥੀਆਂ ਦੀਆਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਪਹੁੰਚ ਚੁੱਕੀਆਂ ਹਨ। ਉਹਨਾਂ ਕਿਹਾ ਕਿ  ਵਿਦਿਆਰਥੀਆਂ ਨੂੰ ਹੋਰ ਵਧੇਰੇ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਆਪਣੀ ਕਾਰਗੁਜ਼ਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ ।

ਇਸ ਮੌਕੇ ਸਮੂਹ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਸ੍ਰ ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਵਚਨਬੱਧ ਹੈ। ਇਸ ਲਈ ਜ਼ਿਲਾ ਸਿੱਖਿਆ ਅਫਸਰ ਦੇ ਨਾਲ ਤਾਲ-ਮੇਲ ਕਰਕੇ ਹੋਰ ਵਧੇਰੇ ਸੁਧਾਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 7 ਅਪ੍ਰੈਲ ਤੋਂ ਤਰਨ ਤਾਰਨ ਜਿਲੇ ਅੰਦਰ ਸਕੂਲਾਂ ਵਿੱਚ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਵੀ ਕੀਤੇ ਜਾਣਗੇ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਪਰਮਜੀਤ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਡੀ ਐਸ ਐਮ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

———-