Every citizen of Punjab should contribute to the war against drugs – Health Minister Dr. Balbir Singh

ਦਫਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੰਜਾਬ ਦਾ ਹਰ ਇੱਕ ਨਾਗਰਿਕ ਪਾਵੇ ਯੋਗਦਾਨ- ਸਿਹਤ ਮੰਤਰੀ ਡਾ. ਬਲਬੀਰ ਸਿੰਘ
ਐਨਰਜੀ ਡਰਿੰਕਸ ਵੇਚਣ ਤੇ ਪੰਜਾਬ ਸਰਕਾਰ ਨੇ ਲਗਾਈ ਪਾਬੰਦੀ, ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਬਹੁਤ ਮਾੜਾ ਪ੍ਰਭਾਵ-ਡਾ. ਬਲਬੀਰ ਸਿੰਘ
ਤਰਨ ਤਾਰਨ, 27 ਅਪ੍ਰੈਲ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਦੇ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਐਤਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮੁਹਿੰਮ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਤੋਂ ਵਿਧਾਇਕ ਸ਼੍ਰੀ ਮਨਜਿੰਦਰ ਸਿੰਘ ਲਾਲਪੁਰਾ , ਸੀਨੀਅਰ ਪੁਲਿਸ ਕਪਤਾਨ ਸ੍ਰੀ ਅਭਿਮਨਿਊ ਰਾਣਾ ਅਤੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ, ਐਸ. ਡੀ. ਐਮ. ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ ਅਤੇ ਸਹਾਇਕ ਕਮਿਸ਼ਨਰ ਡਾ. ਕਰਨਵੀਰ ਸਿੰਘ ਵੀ ਮੌਜੂਦ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਇੱਕੋ-ਇੱਕ ਮੰਤਵ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਗਈ ਇਸ ਮੁਹਿੰਮ ਵਿੱਚ ਕਿਸੇ ਵੀ ਪੱਧਰ ‘ਤੇ ਕੁਤਾਹੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਕੰਮ ਵੀ ਪੰਜਾਬ ਸਰਕਾਰ ਵੱਲੋਂ ਆਰੰਭੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਇਲਾਜ ਉਪਰੰਤ ਉਹਨਾਂ ਨੂੰ ਕਿੱਤਾ ਮੁਖੀ ਕੰਮਾਂ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨਾਂ ਨੂੰ ਰੁਜ਼ਗਾਰ ਮਿਲ ਸਕੇ।
ਸਿਹਤ ਮੰਤਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਅਹਿਮ ਫੈਸਲਾ ਲੈਂਦਿਆਂ ਜ਼ਿਲ੍ਹਾ ਤਰਨ ਤਾਰਨ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਵਾ ਕੇਂਦਰਾਂ ਵਿੱਚ ਬੈਡਾਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਨਸ਼ੇ ਤੋਂ ਪੀੜਿਤ ਵਿਅਕਤੀਆਂ ਦਾ ਸਹੀ ਢੰਗ ਨਾਲ ਮਿਆਰੀ ਇਲਾਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੀੜਿਤ ਵਿਅਕਤੀਆਂ ਦੇ ਇਲਾਜ ਦੌਰਾਨ ਉਨਾਂ ਦੇ ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿੱਚ ਜਲਦ ਤੋਂ ਜਲਦ ਸੁਧਾਰ ਹੋਵੇ। ਉਹਨਾਂ ਦੱਸਿਆ ਕਿ ਮੁੜ ਵਸੇਵਾ ਕੇਂਦਰਾਂ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਵਿਸ਼ੇਸ਼ ਯੋਗ ਸੈਸ਼ਨ, ਮੈਡੀਟੇਸ਼ਨ ਸੈਸ਼ਨ ਅਤੇ ਵੱਖ-ਵੱਖ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਸੂਬਾ ਸਰਕਾਰ ਵੱਲੋਂ ਮੁਹਿੰਮ ਵਿੱਚ ਹਰ ਇੱਕ ਨਾਗਰਿਕ ਦਾ ਯੋਗਦਾਨ ਬਹੁਤ ਹੀ ਅਹਿਮ ਹੈ। ਇੱਕ ਅਹਿਮ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਜ਼ਾਰਾਂ ਦੇ ਵਿੱਚ ਮਿਲਣ ਵਾਲੀਆਂ ਐਨਰਜੀ ਡਰਿੰਕ ਉੱਤੇ ਵੀ ਬੈਨ ਲਗਾ ਦਿੱਤਾ ਹੈ। ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਵਿਖੇ ਅਜਿਹੀਆਂ ਐਨਰਜੀ ਡਰਿੰਕਸ ਨੂੰ ਨਹੀਂ ਵੇਚਿਆ ਜਾਵੇਗਾ, ਜੋ ਵੀ ਇਹਨਾਂ ਨੂੰ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬਾਜ਼ਾਰਾਂ ਦੇ ਵਿੱਚ ਵਿਕਣ ਵਾਲੀਆਂ ਐਨਰਜੀ ਡਰਿੰਕਸ ਬੱਚਿਆਂ ਦੀ ਸਿਹਤ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਅਤੇ ਇਹਨਾਂ ਵਿੱਚ ਪਾਇਆ ਜਾਣ ਵਾਲੇ ਤੱਤ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ।
ਇਸ ਤੋਂ ਇਲਾਵਾ ਸਿਹਤ ਮੰਤਰੀ ਵੱਲੋਂ ਸਿਹਤ ਅਧਿਕਾਰੀਆਂ ਪਾਸੋਂ ਮਲੇਰੀਆ ਤੇ ਡੇਂਗੂ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੈਕਟਰ ਬੌਰਨ ਬਿਮਾਰੀਆ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਭਵਿੱਖ ਦੇ ਵਿੱਚ ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਡੇਂਗੂ ਦੇ ਲਾਰਵੇ ਦੀ ਪਛਾਣ ਸਬੰਧੀ ਸੈਸ਼ਨ ਲਗਾ ਕੇ ਜਾਗਰੂਕ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਨਰਸਿੰਗ ਸੰਸਥਾਵਾਂ ਵਿੱਚ ਵੀ ਵਿਸ਼ੇਸ਼ ਸੈਸ਼ਨ ਲਗਾ ਕੇ ਵਿਦਿਆਰਥਣਾਂ ਦੇ ਡੇਂਗੂ ਦੇ ਲਾਰਵੇ ਦੀ ਪਛਾਣ ਸਬੰਧੀ ਸੈਸ਼ਨ ਲਗਾਈ ਜਾਣਗੇ।
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਵਿੱਚ ਚੱਲ ਰਹੇ ਡੀ ਅਡਿਕਸ਼ਨ ਸੈਂਟਰ ਅਤੇ ਮੁੜ ਵਸੇਵਾਂ ਸੈਂਟਰਾਂ ਦੇ ਵਿੱਚ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਸ਼ੇ ਤੋਂ ਪੀੜਿਤ ਵਿਅਕਤੀਆਂ ਨੂੰ ਮਿਆਰੀ ਇਲਾਜ ਮਿਲੇ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਵਿਦਿਅਕ ਸੰਸਥਾਵਾਂ ਵਿੱਚ ਜਾ ਕੇ ਸਿਹਤ ਕਰਮੀਆਂ ਵੱਲੋਂ ਡੇਂਗੂ ਅਤੇ ਮਲੇਰੀਆ ਵਿਰੁੱਧ ਵਿਸ਼ੇਸ਼ ਜਾਗਰੂਕਤਾ ਸੈਸ਼ਨ ਲਗਾਏ ਜਾ ਰਹੇ ਹਨ। ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ।
ਇਸ ਮੌਕੇ ਜ਼ਿਲਾ ਟੀਕਾ ਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਕੁਮਾਰ, ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ, ਸਹਾਇਕ ਸਿਵਲ ਸਰਜਨ ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੁਪਮ ਚੌਧਰੀ, ਡਾਕਟਰ ਸੁਖਜਿੰਦਰ ਸਿੰਘ ਡਾਕਟਰ ਅਵਲੀਨ ਕੌਰ ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।