Farm Adviser Service Center, Tarn Taran celebrated field day on paddy stubble management and water saving techniques
ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਵੱਲੋਂ ਝੋਨੇ ਦੀ ਪਰਾਲੀ ਸੰਭਾਲਣ ਅਤੇ ਪਾਣੀ ਬਚਾਉਣ ਦੀ ਤਕਨੀਕਾਂ ਸਬੰਧੀ ਖੇਤ ਦਿਵਸ ਮਨਾਇਆ
ਤਰਨ ਤਾਰਨ 27 ਅਕਤੂਬਰ : ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਵੱਲੋਂ ਪਿੰਡ ਅਲਗੋਂ ਕੋਠੀ, ਬਲਾਕ ਭਿੱਖੀਵਿੰਡ, ਤਰਨਤਾਰਨ ਵਿਖੇ “ਝੋਨੇ ਦੀ ਪਰਾਲੀ ਸੰਭਾਲਣ ਅਤੇ ਪਾਣੀ ਬਚਾਉਣ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ।
ਡਾ: ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਸਾਰੇ ਕਿਸਾਨਾਂ ਦਾ ਇਸ ਮੌਕੇ ਸਵਾਗਤ ਕੀਤਾ ਅਤੇ ਝੋਨੇ ਦੀ ਪਰਾਲੀ ਸੰਭਾਲਣ ਅਤੇ ਪਾਣੀ ਬਚਾਉਣ ਦੀ ਤਕਨੀਕਾਂ ਤੇ ਚਾਨਣਾ ਪਾਇਆ । ਉਨ੍ਹਾਂ ਕਿਸਾਨਾਂ ਨੂੰ ਮੌਜੂਦਾ ਮੌਸਮ ਦੌਰਾਨ ਪੀ ਏ ਯੂ ਦੀਆਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਕਰਨ ਲਈ ਮਲਚਿੰਗ ਤਕਨੀਕ ਅਪਣਾਉਣ ਦੀ ਸਲਾਹ ਦਿੱਤੀ ਜੋ ਕਿ ਬਹੁਤ ਹੀ ਆਸਾਨ, ਸਸਤੀ ਹੈ ਅਤੇ ਇਸ ਤਕਨੀਕ ਵਿੱਚ ਨਦੀਨਾਂ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ। ਉਨ੍ਹਾਂ ਸਰਦੀਆਂ ਦੀਆਂ ਸਬਜ਼ੀਆਂ ਦੀ ਘਰੇਲੂ ਅਤੇ ਵਪਾਰਕ ਪੱਧਰ ‘ਤੇ ਸਫ਼ਲਤਾਪੂਰਵਕ ਕਾਸ਼ਤ ਕਰਨ ਅਤੇ ਵੱਖ-ਵੱਖ ਸਬਜ਼ੀਆਂ ਦੀਆਂ ਫ਼ਸਲਾਂ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ।
ਡਾ: ਪਰਮਿੰਦਰ ਸਿੰਘ ਸੰਧੂ, ਨੇ ਕਣਕ ਅਤੇ ਹੋਰ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਦੇ ਤਰੀਕਿਆਂ ਬਾਰੇ ਦੱਸਿਆ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਬੀਜ ਫਾਰਮ, ਉਸਮਾਂ, ਤਰਨਤਾਰਨ ਵਿਖੇ ਕਣਕ ਦੀਆਂ ਕਿਸਮਾਂ ਦੀ ਉਪਲਬਧਤਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਕਣਕ, ਬਰਸੀਮ, ਛੋਲੇ ਅਤੇ ਮਟਰ ਆਦਿ ਵਿੱਚ ਜੈਵਿਕ ਖਾਦਾਂ ਦੀ ਵਰਤੋਂ ‘ਤੇ ਜ਼ੋਰ ਦਿੱਤਾ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਣਕ ਅਤੇ ਹੋਰ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦੇ ਵੱਖ-ਵੱਖ ਤਰੀਕੇ ਸਾਂਝੇ ਕੀਤੇ। ਉਨ੍ਹਾਂ ਸਿੰਚਾਈ ਦੇ ਪਾਣੀ ਨੂੰ ਬਚਾਉਣ ਦੇ ਵੱਖ-ਵੱਖ ਤਰੀਕੇ ਵੀ ਸਾਂਝੇ ਕੀਤੇ।
ਪਿੰਡ ਭਗਵਾਨਪੁਰ ਦੇ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਗਿੱਲ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਨੂੰ ਅਪਣਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤੇ ਜ਼ੋਰ ਦਿੱਤਾ।
ਡਾ: ਸਵਰੀਤ ਖਹਿਰਾ ਨੇ ਸਰਦੀਆਂ ਦੇ ਮਹੀਨਿਆਂ ਵਿੱਚ ਬਾਗਾਂ ਦੇ ਪ੍ਰਬੰਧਨ, ਪਤਝੜ ਵਾਲੇ ਫਲਾਂ ਨਾਸ਼ਪਾਤੀ, ਆੜੂ, ਅਲੂਚਾ, ਫਾਲਸਾ ਆਦਿ ਲਾਉਣ ਅਤੇ ਬਾਗਾਂ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ । ਪ੍ਰੋਗਰਾਮ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਕਿਤਾਬਾਂ, ਕਣਕ, ਗੋਭੀ ਸਰ੍ਹੋਂ, ਪਿਆਜ਼ ਦੇ ਬੀਜ ਅਤੇ ਕਣਕ ਦੀ ਜੀਵਾਣੂ ਖਾਦ ਦੀ ਵਿਕਰੀ ਵੀ ਕੀਤੀ ਗਈ ।