Close

Farmers be alert and ready for locust attack-Deputy Commissioner

Publish Date : 04/08/2020
DC

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਕਿਸਾਨ ਟਿੱਡੀ ਦਲ ਦੇ ਹਮਲੇ ਬਾਰੇ ਸੁਚੇਤ ਅਤੇ ਤਿਆਰ ਰਹਿਣ-ਡਿਪਟੀ ਕਮਿਸ਼ਨਰ
ਖੇਤੀ ਵਿਭਾਗ ਦੀਆਂ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਨ ਲਈ ਕਿਹਾ
ਤਰਨ ਤਾਰਨ, 3 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਕਾਰਣ ਟਿੱਡੀ ਦਲ ਈਰਾਨ ਦੇ ਰਸਤੇ ਪਾਕਿਸਤਾਨ ਰਾਹੀਂ ਭਾਰਤ ਵਿੱਚ ਵੀ ਦਾਖਲ ਹੋ ਚੁੱਕਾ ਹੈ, ਜਿਸ ਕਰਕੇ ਕਿਸਾਨ ਆਪਣੀ ਫਸਲ ਦੇ ਬਚਾਅ ਲਈ ਤਿਆਰ ਬਰ ਤਿਆਰ ਰਹਿਣ।
ਉਹਨਾ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਨੂੰ ਆਉਦੇ ਦਿਨਾਂ ਲਈ ਸੰਭਾਵਿਤ ਹਮਲੇ ਵਾਲਾ ਜ਼ਿਲ੍ਹਾ ਐਲਾਨਿਆ ਗਿਆ ਹੈ ਜਦਕਿ ਗੁਆਂਢੀ ਜ਼ਿਲ੍ਹੇ ਫਿਰੋਜ਼ਪੁਰ ਨੂੰ ਵੀ ਖਤਰੇ ਵਾਲਾ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ।ਇਸ ਲਈ ਟਿੱਡੀਦਲ ਦੇ ਹਮਲੇ ਤੋਂ ਸੁਚੇਤ ਅਤੇ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚ ਟਿੱਡੀ ਦਲ ਦੇ ਲਗਾਤਾਰ ਹਮਲੇ ਵੇਖੇ ਗਏ ਹਨ।ਡਿਪਟੀ ਕਮਿਸ਼ਨਰ ਨੇ ਸਪਰੇ ਅਪਰੇਸ਼ਨ ਲਈ ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ, ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਟਿੱਡੀ ਦਲ ਦੇ ਟਾਕਰੇ ਲਈ ਫਾਇਰ ਬ੍ਰੀਗੇਡ ਨਾਲ ਸਪਰੇ ਕਰਨ ਦੀ ਜ਼ਰੂਰਤ ਪੈ ਸਕਦੀ ਹੈ, ਜਿਸ ਲਈ ਬਹੁਤ ਪਾਣੀ ਦੀ ਜਰੂਰਤ ਪੈਂਦੀ ਹੈ ਇਸ ਲਈ ਹਮੇਸ਼ਾ ਪਾਣੀ ਦੀਆਂ ਟੈਕੀਆਂ ਨੂੰ ਭਰ ਕੇ ਰੱਖਿਆ ਜਾਵੇ।ਟਿੱਡੀ ਦਲ ਦੇ ਹਮਲੇ ਬਾਰੇ ਜਿਲਾ ਪ੍ਰਸ਼ਾਸ਼ਨ, ਖੇਤੀਬਾੜੀ ਅਤੇ ਹੋਰ ਸਹਾਇਕ ਵਿਭਾਗਾਂ ਨੂੰ ਸਮੇਂ ਸਿਰ ਸੂਚਿਤ ਕਰਕੇ ਸਪਰੇ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ।ਉਹਨਾਂ ਸਮੂਹ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਜਿਹਨਾਂ ਕੋਲ ਟਰੈਕਟਰ ਨਾਲ ਚੱਲਣ ਵਾਲੇ ਵੱਡੇ ਸਪਰੇ ਪੰਪ ਹਨ ਨੂੰ ਹਰ ਸਮੇਂ ਪਾਣੀ ਨਾਲ ਭਰ ਕੇ ਚਾਲੂ ਹਾਲਤ ਵਿੱਚ ਰੱਖਣ ਲਈ ਕਿਹਾ ਤੇ ਦੱਸਿਆ ਕਿ ਜੇਕਰ ਟਿੱਡੀ ਦਲ ਆਉਦਾ ਹੈ ਤਾਂ ਦਿਨ ਵੇਲੇ ਪੀਪੇ ਖੜਕਾ ਕੇ ਜਾਂ ਹੋਰ ਅਵਾਜਾਂ ਨਾਲ ਆਪਣੇ ਖੇਤਾਂ ਵਿੱਚ ਬੈਠਣ ਨਾ ਦਿੱਤਾ ਜਾਵੇ ।
ਉਹਨਾਂ ਕਿਹਾ ਕਿ ਜਦ ਸ਼ਾਮ ਨੂੰ ਟਿੱਡੀ ਦਲ ਉੱਚੇ ਦਰਖਤਾਂ, ਝਾੜੀਆਂ ਆਦਿ ਤੇ ਬੈਠੇ ਤਾਂ ਅਜਿਹੀ ਹਾਲਤ ਵਿੱਚ ਉਹਨਾਂ ਥਾਵਾਂ ਬਾਰੇ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਦੀ ਰੋਕਥਾਮ ਲਈ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਸਪਰੇ ਅਪਰੇਸ਼ਨ ਕੀਤਾ ਜਾ ਸਕੇ।
————–