Financial assistance of Rs. 27 crore 13 lakh 96 thousand 500 provided to 1,80,931 eligible beneficiaries of Tarn Taran district under pension schemes – Deputy Commissioner
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੈਨਸ਼ਨ ਸਕੀਮਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ 1,80,931 ਯੋਗ ਲਾਭਪਾਤਰੀਆਂ ਨੂੰ ਦਿੱਤੀ ਗਈ 27 ਕਰੋੜ 13 ਲੱਖ 96 ਹਜ਼ਾਰ 500 ਰੁਪਏ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ 1500 ਰੁਪਏ ਪ੍ਰਤੀ ਮਹੀਨਾ
ਤਰਨ ਤਾਰਨ, 15 ਮਈ :
ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਅਪ੍ਰੈਲ, 2025 ਦੌਰਾਨ ਜ਼ਿਲਾ ਤਰਨਤਾਰਨ ਦੇ 1,80,931 ਯੋਗ ਲਾਭਪਾਤਰੀਆਂ ਨੂੰ 27 ਕਰੋੜ 13 ਲੱਖ 96 ਹਜ਼ਾਰ 500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਆੱਨਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ।
ਉਹਨਾਂ ਦੱਸਿਆਂ ਕਿ ਪੈਨਸ਼ਨ ਸਕੀਮਾਂ ਅਧੀਨ ਮਹੀਨਾ ਅਪ੍ਰੈਲ, 2025 ਦੀ ਪੈਨਸ਼ਨ ਰਾਸ਼ੀ ਤਹਿਤ ਬੁਢਾਪਾ ਪੈਨਸ਼ਨ ਦੇ 1,21,280 ਲਾਭਪਾਤਰੀਆਂ ਨੂੰ 18 ਕਰੋੜ 19 ਲੱਖ 20 ਹਜ਼ਾਰ ਰੁਪਏ, ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਤਹਿਤ 30,967 ਲਾਭਪਾਤਰੀਆਂ ਨੂੰ 04 ਕਰੋੜ 64 ਲੱਖ 50 ਹਜ਼ਾਰ 500 ਰੁਪਏ ਅਤੇ 14563 ਆਸ਼ਰਿਤ ਬੱਚਿਆਂ ਨੂੰ 02 ਕਰੋੜ 18 ਲੱਖ 44 ਹਜ਼ਾਰ 500 ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 14,121 ਦਿਵਿਆਂਗਜਨ ਪੈਨਸ਼ਰਾਂ ਨੂੰ 02 ਕਰੋੜ 11 ਲੱਖ 81 ਹਜ਼ਾਰ 500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਤਰਨ ਤਾਰਨ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 65 ਸਾਲ ਤੋਂ ਵੱਧ ਪੁਰਸ਼ਾਂ ਅਤੇ 58 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਅਧੀਨ 58 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨਿਆਸ਼ਰਿਤ ਔਰਤਾਂ ਨੂੰ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਆਸ਼ਰਿਤ ਬੱਚਿਆਂ ਦੀ ਵਿੱਤੀ ਸਹਾਇਤਾ ਸਕੀਮ ਅਧੀਨ ਵਿਧਵਾ ਔਰਤ ਦੇ ਦੋ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਦੀ ਉਮਰ 21 ਸਾਲ ਤੋ ਵੱਧ ਨਾ ਹੋਵੇ। ਇਸ ਸਕੀਮ ਤਹਿਤ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ ਜਿਸ ਵਿਅਕਤੀ ਦੀ ਦਿਵਿਆਂਗਤਾ 50 ਫੀਸਦੀ ਜਾਂ ਇਸ ਤੋ ਵੱਧ ਹੋਵੇ ਉਸ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।