Fruit trees planted by teachers in district schools
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਅਧਿਆਪਕਾਂ ਵੱਲੋਂ ਜ਼ਿਲੇ ਦੇ ਸਕੂਲਾਂ ਵਿਚ ਲਗਾਏ ਗਏ ਫ਼ਲਦਾਰ ਰੁੱਖ
ਤਰਨ ਤਾਰਨ, 13 ਜੁਲਾਈ :
ਪੰਜਾਬ ਨੂੰ ਹਰਾ ਭਰਾ ਬਣਾਉਣ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਮੰਤਵ ਨਾਲ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ ਜਾ ਰਹੇ ਹਨ । ਇਸੇ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਧਿਆਪਕ ਸਹਿਬਾਨ ਵੱਲੋਂ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ ।ਇਸ ਸਬੰਧੀ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਨਰਸਰੀਆਂ ਨੂੰ ਨੇੜਲੇ ਸਕੂਲਾਂ ਨੂੰ ਰੁੱਖ ਮੁੱਹਈਆ ਕਰਵਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਜਿਥੋਂ ਅਧਿਆਪਕ ਸਹਿਬਾਨ ਇਹਨਾਂ ਰੁੱਖਾਂ ਨੂੰ ਪ੍ਰਾਪਤ ਕਰਕੇ ਸਕੂਲਾਂ ਵਿੱਚ ਲਗਾ ਰਹੇ ਹਨ ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮਟਰੀ ਸ੍ਰ ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਂਸਲੇ ਨਾਲ ਜਿੱਥੇ ਰਾਜ ਵਿਚ ਲੱਖਾਂ ਰੁੱਖ ਲਗਾਏ ਜਾ ਸਕਣਗੇ, ਉਥੇ ਇਹਨਾਂ ਰੁੱਖਾਂ ਦੇ ਵਧਣ ਨਾਲ ਸ਼ੁੱਧ ਆਕਸੀਜ਼ਨ ਦੀ ਮਾਤਰਾ ਵਿੱਚ ਵੀ ਚੋਖਾ ਵਾਧਾ ਹੋਵੇਗਾ । ਉਹਨਾਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕ ਸਹਿਬਾਨ ਨੂੰ ਇਹਨਾਂ ਰੁੱਖਾਂ ਨੂੰ ਪਾਲਣ ਅਤੇ ਵਿਦਿਆਰਥੀਆਂ ਵਿਚ ਰੁੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਰੁੱਖਾਂ ਪ੍ਰਤੀ ਸੰਜ਼ੀਦਾ ਹੋ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਵਾਰ ਫਿਰ ਤੋਂ ਹਰਿਆ ਭਰਿਆ ਨਜ਼ਰ ਆਵੇਗਾ ।