Close

Health and Family Welfare Minister Dr. Balbir Singh personally inspected the patients

Publish Date : 25/11/2024

ਸੂਬੇ ਦੇ ਸਮੂਹ ਜ਼ਿਲਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾ ਰਿਹਾ ਹੋਰ ਮਜਬੂਤ, ਐਮਰਜੇਂਸੀ ਸੇਵਾਵਾਂ ਨੂੰ ਕੀਤਾ ਜਾਵੇਗਾ ਹੋਰ ਬਿਹਤਰ -ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਨਾਗਰਿਕਾਂ ਦੀ ਚੰਗੀ ਸਿਹਤ ਲਈ ਵਚਨਬੱਧ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮਰੀਜਾਂ ਦਾ ਖੁਦ ਕੀਤਾ ਗਿਆ ਨਿਰੀਖਣ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਦਾ ਦੌਰਾ
ਤਰਨ ਤਾਰਨ, 23 ਨਵੰਬਰ: ਪੰਜਾਬ ਦੇ ਵਿੱਚ ਡੇਂਗੂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸ਼ਨੀਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਦਾ ਦੌਰਾ ਕਰਕੇ ਸਿਹਤ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਐਸਡੀਐਮ ਤਰਨ ਤਾਰਨ ਸ਼੍ਰੀ ਅਰਵਿੰਦਰ ਪਾਲ ਸਿੰਘ, ਜਿਲੇ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਵਰਿੰਦਰ ਪਾਲ ਕੌਰ, ਸੀਨੀਅਰ ਮੈਡੀਕਲ ਅਫਸਰ, ਤਰਨ ਤਾਰਨ ਡਾਕਟਰ ਸਰਬਜੀਤ ਸਿੰਘ ਅਤੇ ਜ਼ਿਲੇ ਦੇ ਸਾਰੇ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਮੌਜੂਦ ਰਹੇ।
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਸਿਹਤ ਮੰਤਰੀ ਵੱਲੋਂ ਵਾਰਡਾਂ ਦੇ ਨਿਰੀਖਣ ਦੌਰਾਨ ਅੱਖਾਂ ਦੇ ਰੋਗ ਤੋਂ ਪੀੜਿਤ ਇੱਕ ਮਹਿਲਾ ਦੀ ਖੁਦ ਜਾਂਚ ਕਰਨ ਦੇ ਨਾਲ ਨਾਲ ਕੁਝ ਮਰੀਜ਼ਾਂ ਦੀਆਂ ਰਿਪੋਰਟਾਂ ਵੀ ਵੇਖੀਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਨਾਗਰਿਕ ਦੀ ਚੰਗੀ ਅਤੇ ਨਿਰੋਈ ਸਿਹਤ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਦਿਨ ਸਿਹਤ ਸਹੂਲਤਾਂ ਸਬੰਧੀ ਕਈ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਦਾ ਲਾਭ ਪੰਜਾਬ ਦੇ ਹਰ ਤਬਕੇ ਨੂੰ ਮਿਲ ਰਿਹਾ ਹੈ।
ਉਹਨਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਦੇ ਵਿੱਚ 400 ਦੇ ਕਰੀਬ ਡਾਕਟਰਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਅਤੇ ਉਨਾਂ ਨੂੰ ਸਟੇਸ਼ਨ ਅਲਾਟਮੈਂਟ ਵੀ ਜਲਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਅਤੇ ਬਾਕੀ ਸਟਾਫ ਨੂੰ ਹਦਾਇਤ ਕੀਤੀ ਗਈ ਉਹ ਆਪਣੇ ਆਪਣੇ ਖੇਤਰਾਂ ਦੇ ਬੱਚਿਆਂ ਦੀ ਵੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ।
ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਰਹੱਦੀ ਖੇਤਰ ਦੀਆਂ ਸਿਹਤ ਸੰਸਥਾਵਾਂ ਨੂੰ ਵੀ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਦੂਰ ਦਰਾਜ ਪਿੰਡਾਂ ਦੇ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਵੀ ਬਣਦੀਆਂ ਸਿਹਤ ਸਹੂਲਤਾਂ ਮਿਲ ਸਕਣ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਹੀ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਦਵਾਈਆਂ ਦੀ ਪੂਰਤੀ ਨਿਰੰਤਰ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜ਼ਿਲਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ, ਸੀਐਚਸੀ, ਪੀਐਚਸੀ ਦਾ ਸਟਾਫ ਮਰੀਜ਼ਾਂ ਪਾਸੋ ਫੀਡਬੈਕ ਜਰੂਰ ਲੈਣ।
ਸਿਵਲ ਹਸਪਤਾਲ ਵਿਖੇ ਸੁਰੱਖਿਆ ਵਿਵਸਥਾ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਵਲੋਂ ਐਸ.ਐਸ.ਪੀ. ਤਰਨ ਤਾਰਨ ਨੂੰ ਸਿਵਲ ਹਸਪਤਾਲ ਵਿਖੇ ਗਸ਼ਤ ਵਧਾਉਣ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸੀ.ਸੀ.ਟੀ.ਵੀ. ਕੈਮਰੇ ਲਾਉਣ ਲਈ ਵੀ ਕਿਹਾ।
ਸਿਹਤ ਮੰਤਰੀ ਵਲੋਂ ਡਾਕਟਰਾਂ ਨਾਲ ਮੀਟਿੰਗ ਦੌਰਾਨ ਜਿੱਥੇ ਸਿਹਤ ਸਹੂਲਤਾਂ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਉੱਥੇ ਹੀ ਉਨ੍ਹਾਂ ਵੈਕਟਰ ਬੋਰਨ ਬਿਮਾਰੀਆਂ ਦੇ ਟਾਕਰੇ ਲਈ ਪੁਖਤਾ ਪ੍ਰਬੰਧ ਕਰਨ ਦੇ ਵੀ ਹੁਕਮ ਦਿੱਤੇ।
ਇਥੇ ਵਰਨਣਯੋਗ ਹੈ ਕਿ ਡੇਂਗੂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਬਾਰੇ ਡਾਕਟਰ ਬਲਵੀਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਜਾ ਕੇ ਖੁਦ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਡਾਕਟਰ ਬਲਬੀਰ ਸਿੰਘ ਵੱਲੋਂ ਜਿੱਥੇ ਸਰਕਾਰੀ ਹਸਪਤਾਲ ਦੇ ਵੱਖ-ਵੱਖ ਵਾਰਡਾ ਦਾ ਦੌਰਾ ਕਰਕੇ ਹਸਪਤਾਲ ਵਿਖੇ ਦਿੱਤੀਆ ਜਾਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਉਥੇ ਨਾਲ ਹੀ ਉਹਨਾਂ ਨੇ ਹਸਪਤਾਲ ਚ ਦਾਖਲ ਮਰੀਜ਼ਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ।
ਡਾਕਟਰ ਬਲਬੀਰ ਨੇ ਦੱਸਿਆ ਮਨੁੱਖੀ ਜਾਨ ਬਹੁਤ ਹੀ ਕੀਮਤੀ ਹੈ ਅਤੇ ਉਹਨਾਂ ਦਾ ਮਕਸਦ ਹੈ ਕਿ ਕੋਈ ਵੀ ਜਾਨ ਡੇਂਗੂ ਕਾਰਨ ਨਾ ਗਵਾਈ ਜਾਵੇ। ਉਹਨਾਂ ਕਿਹਾ ਕਿ ਫੀਲਡ ਸਟਾਫ ਵੱਲੋਂ ਪਿੰਡਾਂ ਦੇ ਵਿੱਚ ਫੀਵਰ ਸਰਵੇ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸ਼ੱਕੀ ਮਰੀਜ਼ਾਂ ਦੀ ਭਾਲ ਕਰਕੇ ਉਹਨਾਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਸਿੰਘ ਗਿੱਲ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ ਭਗਤ, ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਜ਼ਿਲਾ ਐਪੀਡਮੋਲੋਜਿਸਟ ਡਾ. ਸਿਮਰਨ ਕੌਰ, ਡਾ. ਸੁਖਜਿੰਦਰ ਸਿੰਘ, ਜ਼ਿਲਾ ਟੀ ਬੀ ਅਫਸਰ ਰਾਜਬੀਰ ਸਿੰਘ, ਜ਼ਿਲਾ ਮਾਸ ਮੀਡਿਆ ਅਫਸਰ ਸੁਖਵੰਤ ਸਿੰਘ ਸਿੱਧੂ, ਬਲਾਕ ਐਜੂਕੇਟਰ ਨਵੀਨ ਕਾਲੀਆ, ਬਲਾਕ ਐਜੂਕੇਟਰ ਗੁਰਲਾਲ ਸਿੰਘ, ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਗੁਰਦੇਵ ਸਿੰਘ ਢਿੱਲੋਂ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਭੁਪਿੰਦਰ ਸਿੰਘ, ਫਾਰਮੇਸੀ ਅਫਸਰ ਭੁਪਿੰਦਰ ਸਿੰਘ ਮਰਹਾਣਾ, ਨਰਸਿੰਗ ਸਿਸਟਰ ਕਰਮਪਾਲ ਕੌਰ ਅਤੇ ਸਮੂਹ ਸਿਹਤ ਅਮਲਾ ਮੌਜੂਦ ਰਿਹਾ।