Close

Health Department issues special advisory for barber shops and haircut salons to prevent covid-19: Deputy Commissioner

Publish Date : 23/05/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਸਿਹਤ ਵਿਭਾਗ ਵਲੋਂ ਕੋਵਿਡ-19 ਤੋਂ ਬਚਾਅ ਸਬੰਧੀ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸਲੂਨਜ਼ ਲਈ ਵਿਸ਼ੇਸ਼ ਅਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਦੁਕਾਨਾਂ ਦੇ ਮਾਲਿਕ ਅਤੇ ਸਟਾਫ਼ ਮੈਂਬਰਾਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ
ਤਰਨ ਤਾਰਨ, 23 ਮਈ:
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਰੋਨਾ ਤੋਂ ਬਚਾਅ ਲਈ ਨਾਈ ਦੀਆਂ ਦੁਕਾਨਾਂ ਤੇ ਹੇਅਰ ਕੱਟ ਸਲੂਨਜ਼ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸਲੂਨਜ਼ ਵਿਚ ਗ੍ਰਾਹਕ ਅਤੇ ਦੁਕਾਨਾਂ ਦਾ ਸਟਾਫ਼ ਬਹੁਤ ਕਰੀਬੀ ਸੰਪਰਕ ਵਿਚ ਆਉਂਦੇ ਹਨ, ਜਿਸ ਨਾਲ ਕਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ, ਇਸੇ ਲਈ ਸਰਕਾਰ ਵੱਲੋਂ ਇਹਨਾਂ ਦੁਕਾਨਾਂ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਇਹ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਨਾਈ ਦੀਆਂ ਦੁਕਾਨਾਂ ਤੇ ਹੇਅਰ ਕੱਟ ਸਲੂਨ ਇਹ ਯਕੀਨੀ ਬਣਾਉਣ ਕਿ ਜੇਕਰ ਕਿਸੇ ਸਟਾਫ਼ ਮੈਂਬਰ ਨੂੰ ਕਰੋਨਾ ਦੇ ਲੱਛਣ ਬੁਖ਼ਾਰ, ਸੁੱਕੀ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਆਦਿ ਹੋਵੇ ਤਾਂ ਅਜਿਹੇ ਵਿਅਕਤੀ ਘਰ ਹੀ ਰਹਿਣ ਅਤੇ ਮੈਡੀਕਲ ਸਲਾਹ ਲਈ ਜਾਵੇ ਅਤੇ ਅਜਿਹੇ ਲੱਛਣਾਂ ਵਾਲੇ ਗ੍ਰਾਹਕ ਨੂੰ ਵੀ ਅਟੈਂਡ ਨਾ ਕੀਤਾ ਜਾਵੇ। ਜਿਥੋਂ ਤੱਕ ਸੰਭਵ ਹੋਵੇ ਗ੍ਰਾਹਕ ਦੇ ਨਾਲ ਕਿਸੇ ਨੂੰ ਆਉਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਮਾਲਿਕ ਇਹ ਵੀ ਯਕੀਨੀ ਬਣਾਵੇ ਕਿ ਦੁਕਾਨ ’ਤੇ ਵਾਧੂ ਇਕੱਠ ਨਾ ਹੋਵੇ।
       ਇਹਨਾਂ ਦੁਕਾਨਾਂ ਦੇ ਮਾਲਿਕ ਅਤੇ ਸਟਾਫ਼ ਮੈਂਬਰਾਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਹੈ ਜਦੋਂ ਕਿ ਗ੍ਰਾਹਕ ਵੱਲੋਂ ਵੀ ਜਿਥੋਂ ਤੱਕ ਸੰਭਵ ਹੋਵੇ ਮਾਸਕ ਪਹਿਨਿਆ ਜਾਵੇ। ਇਸਦੇ ਨਾਲ ਨਾਲ ਗ੍ਰਾਹਕ ਅਤੇ ਸਟਾਫ਼ ਦੇ ਸੰਪਰਕ ਵਿਚ ਆਉਣ ਸਮੇਂ ਕਰੋਨਾ ਦੀ ਰੋਕਥਾਮ ਸਬੰਧੀ ਸਮੇਂ ਸਮੇਂ ਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ, 1 ਮੀਟਰ ਸਮਾਜਿਕ ਵਿੱਥਤਾ, ਛਿੱਕਦੇ-ਖੰਘਦੇ ਸਮੇਂ ਰੁਮਾਲ ਦੀ ਵਰਤੋਂ, ਬਿਮਾਰੀ ਦੇ ਲੱਛਣਾਂ ਪ੍ਰਤੀ ਚੌਕਸੀ ਅਤੇ ਜਨਤਕ ਥਾਂਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ।
          ਦੁਕਾਨ ਮਾਲਕ ਵੱਲੋਂ ਗ੍ਰਾਹਕਾਂ ਨੂੰ ਡਿਜੀਟਲ ਪੇਮੈਂਟ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਨਕਦੀ ਲਈ ਜਾਂਦੀ ਹੈ ਤਾਂ ਨਕਦੀ ਲੈਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਟਾਫ਼ ਤੇ ਗ੍ਰਾਹਕ ਵੱਲੋਂ ਹੱਥ ਸੈਨੇਟਾਈਜ਼ ਕੀਤੇ ਜਾਣੇ।
ਦੁਕਾਨ ਦੇ ਆਮ ਵਰਤੋਂ ਵਾਲੇ ਖ਼ੇਤਰ ਨੂੰ ਹਰੇਕ 2-3 ਘੰਟਿਆਂ ਬਾਅਦ ਸਾਫ਼ ਕੀਤਾ ਜਾਵੇ ਅਤੇ ਫਰਸ਼ 1% ਸੋਡੀਅਮ ਹਾਈਪੋਕਲੋਰਾਈਟ ਜਾਂ ਇਸ ਵਰਗੇ ਹੋਰ ਰੋਗਾਣੂ ਮਾਰੂ ਪਦਾਰਥ ਨਾਲ ਸਾਫ਼ ਕੀਤੀ ਜਾਵੇ। ਫਰਨੀਚਰ ਅਤੇ ਵਾਰ ਵਾਰ ਛੂਹੇ ਜਾਣ ਵਾਲਾ ਸਮਾਨ ਵਾਰ ਵਾਰ ਸੈਨੇਟਾਈਜ਼ ਕੀਤਾ ਜਾਵੇ। ਕੈਂਚੀ, ਉਸਤਰਾ, ਕੰਘੇ ਅਤੇ ਸਟਾਈਲਿੰਗ ਉਪਕਰਨ ਆਦਿ ਹਰੇਕ ਵਰਤੋਂ ਤੋਂ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰੇ ਜਾਣ।ਜਾਮਾ, ਤੌਲੀਏ ਆਦਿ ਸਬੰਧਤ ਆਈਟਮਜ਼ ਸਾਫ਼ ਹੋਣ ਅਤੇ ਨਿਯਮਤ ਤੌਰ ਤੇ ਧੋਅ ਲਈਆਂ ਜਾਣ ਅਤੇ ਇਕ ਤੋਂ ਵੱਧ ਗ੍ਰਾਹਕ ਲਈ ਇਹਨਾਂ ਦੀ ਵਾਰ ਵਾਰ ਵਰਤੋਂ ਨਾ ਕੀਤੀ ਜਾਵੇ।