Health Fair-Civil Surgeon Dr. Renu Bhatia will be important for the prevention of diseases

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਿਮਾਰੀਆਂ ਦੀ ਰੋਕਥਾਮ ਲਈ ਮਹੱਤਵਪੂਰਨ ਸਿੱਧ ਹੋਣਗੇ ਸਿਹਤ ਮੇਲੇ-ਸਿਵਲ ਸਰਜਨ ਡਾ: ਰੇਨੂੰ ਭਾਟੀਆ
ਤਰਨ ਤਾਰਨ, 18 ਅਪ੍ਰੈਲ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੁਫ਼ਤ ਅਤੇ ਗੁਣਵੰਤਾ ਪੂਰਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਮੇਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਸਿਹਤ ਮੇਲੇ ਬਲਾਕ ਪੱਧਰ `ਤੇ ਆਯੋਜਿਤ ਕੀਤੇ ਜਾਣਗੇ। ਜਿਥੇ ਸਿਹਤ ਸੇਵਾਵਾਂ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੇਨੂੰ ਭਾਟੀਆ ਨੇ ਦੱਸਿਆ ਕਿ 19 ਅਪ੍ਰੈਲ 2022 ਤੋਂ ਜ਼ਿਲ੍ਹਾ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ। 19 ਅਪ੍ਰੈਲ 2022 ਨੂੰ ਸੀ.ਐਚ.ਸੀ. ਸਰਹਾਲੀ, 20 ਅਪ੍ਰੈਲ ਨੂੰ ਸੀ.ਐਚ.ਸੀ. ਘਰਿਆਲਾ, 21 ਅਪ੍ਰੈਲ ਨੂੰ ਸੀ.ਐਚ.ਸੀ ਸੁਰ ਸਿੰਘ, ਸੀ.ਐਚ.ਸੀ. ਕੈਰੋਂ, ਸੀ.ਐਚ.ਸੀ. ਝਬਾਲ, 22 ਅਪ੍ਰੈਲ ਨੂੰ ਸੀ.ਐਚ.ਸੀ. ਕਸੇਲ, ਸੀ.ਐਚ.ਸੀ. ਮੀਆਂਵਿੰਡ ਅਤੇ ਸੀ.ਐਚ.ਸੀ. ਖੇਮਕਰਨ ਵਿਖੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲੋਕ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਇਲਾਜ ਪ੍ਰਦਾਨ ਨਾਲ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਬਿਮਾਰੀਆਂ ਦੀ ਦਰ ਅਤੇ ਮੌਂਤ ਦਰ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਇਹ ਮੇਲੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਿੱਧ ਹੋਣਗੇ। ਇਨ੍ਹਾਂ ਸਿਹਤ ਮੇਲਿਆਂ ਵਿਚ ਆਮ ਲੋਕਾਂ ਦੀ ਬਾਰੀਕੀ ਨਾਲ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਬਿਮਾਰੀਆਂ ਦੀ ਟੈਸਟ ਵੀ ਕੀਤੇ ਜਾਣਗੇ ਅਤੇ ਬਿਮਾਰ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਸਿਹਤ ਮੇਲਿਆਂ ਵਿਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ, ਕੋਵਿਡ ਵੈਕਸੀਨੇਸ਼ਨ ਕਰਨ, ਖੂਨਦਾਨ ਕੈਂਪ ਲਗਾਉਣਾ, ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਡਿਜੀਟਲ ਹੈਲਥ ਕਾਰਡ ਬਣਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।