Close

I. A. S. Officer Mr. Monish Kumar took over as Deputy Commissioner, District Tarn Taran

Publish Date : 18/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
2014 ਬੈਚ ਦੇ ਆਈ. ਏ. ਐਸ. ਅਧਿਕਾਰੀ ਸ੍ਰੀ ਮੋਨੀਸ਼ ਕੁਮਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਸਰਕਾਰੀ ਦਫਤਰਾਂ ਵਿਚ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਸਮੇਂ ਸਿਰ ਕਰਵਾਇਆ ਜਾਵੇਗਾ-ਸ੍ਰੀ ਮੋਨੀਸ਼ ਕੁਮਾਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ (ਪੰਜਵੀਂ ਪਾਤਸ਼ਾਹੀ ) ਵਿਖੇ ਟੇਕਿਆ ਮੱਥਾ
ਤਰਨ ਤਾਰਨ, 14 ਅਪਰੈਲ :
ਸ੍ਰੀ ਮੋਨੀਸ਼ ਕੁਮਾਰ ਆਈ. ਏ. ਐੱਸ ਵੱਲੋਂ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਗਿਆ ਹੈ। ਸ੍ਰੀ ਮੋਨੀਸ਼ ਕੁਮਾਰ 2014 ਬੈਚ ਦੇ ਆਈ. ਏ. ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਅਡੀਸ਼ਨਲ ਸੈਕਟਰੀ ਡਿਫੈਂਸ ਸਰਵਿਸਜ਼ ਵੈੱਲਫੇਅਰ, ਡਾਇਰੈਕਟਰ ਹਾਸਪਿਟੈਲਿਟੀ ਅਤੇ ਅਡੀਸ਼ਨਲ ਸੈਕਟਰੀ ਪ੍ਰੋਟੋਕੋਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਡਿਪਟੀ ਕਮਿਸ਼ਨਰ ਤਰਨ ਤਾਰਨ ਵਜੋਂ ਆਪਣਾ ਅਹੁਦਾ ਸੰਭਾਲਣ ਮੌਕੇ ਸ੍ਰੀ ਮੋਨੀਸ਼ ਕੁਮਾਰ ਨੇ ਕਿਹਾ ਕਿ “ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਸਿੱਖ ਗੂਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ”। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਅਤੇ ਸਮੇਂ ਸਿਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਣ ਦੀ ਪਹਿਲ ਹੋਵੇਗੀ।
ਉਨ੍ਹਾਂ ਕਿਹਾ ਕਿ ਸਮੂਹ ਸਰਕਾਰੀ ਦਫਤਰਾਂ ਵਿਚ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਸਮੇਂ ਸਿਰ ਕਰਵਾਇਆ ਜਾਵੇਗਾ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਵਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਏਜੰਸੀਆਂ ਵਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਣਾ ਯਕੀਨੀ ਬਣਾਇਆ ਜਾਵੇ ਅਤੇ ਕਿਸਾਨਾਂ ਦੀ ਫਸਲ ਦੀ ਅਦਾਇਗੀ ਨਾਲੋਂ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਅਹੁਦਾ ਸੰਭਾਲਣ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਗਿਆ ਅਤੇ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਨਾਗਰਿਕ ਸੇਵਾਵਾਂ ਲੋਕਾਂ ਨੂੰ ਸਮੇਂ ਸਿਰ ਪਹੁੰਚਾਉਣ ਦੇ ਆਦੇਸ਼ ਦਿ ੱਤੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ (ਪੰਜਵੀਂ ਪਾਤਸ਼ਾਹੀ ) ਵਿਖੇ ਮੱਥਾ ਟੇਕਿਆ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਗੁਰੂ ਦੀ ਬਖਸ਼ਿਸ ਸਿਰੋਪਾਓ ਦੇ ਕੇ ਨਿਵਾਜਿਆ ਗਿਆ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸਕੱਤਰ ਸਿੰਘ ਬੱਲ, ਜ਼ਿਲ੍ਹਾ ਮਾਲ ਅਫ਼ਸਰ ਤਰਨ ਤਾਰਨ ਸ੍ਰੀ ਅਦਿੱਤਿਆ ਗੁਪਤਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮ ਸਿੰਘ ਪੁਰੇਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।