Close

In order to provide maximum employment opportunities to the youth, Punjab Police will now recruit every year – Director General of Police, Punjab

Publish Date : 22/11/2022
1

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਵਿੱਚ ਹੁਣ ਹਰ ਸਾਲ ਕੀਤੀ ਜਾਵੇਗੀ ਭਰਤੀ- ਡਾਇਰੈਕਟਰ ਜਨਰਲ ਪੁਲਿਸ, ਪੰਜਾਬ
ਪੰਜਾਬ ਪੁਲਿਸ ਰਾਜ ਵਿੱਚੋਂ ਨਸ਼ਿਆ ਅਤੇ ਗੈਂਗਸਟਰਾਂ ਦੇ ਮੁਕੰਮਲ ਖਾਤਮੇ ਲਈ ਦਿ੍ਰੜ ਸੰਕਲਪ-ਸ੍ਰੀ ਗੌਰਵ ਯਾਦਵ
ਸ਼ੋਸਲ ਮੀਡੀਆ ਦੀ ਦੁਰਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ
ਤਰਨ ਤਾਰਨ, 21 ਨਵੰਬਰ :
ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਵਿੱਚ ਹੁਣ ਹਰ ਸਾਲ ਭਰਤੀ ਕੀਤੀ ਜਾਵੇਗੀ, ਇਸ ਲਈ ਲੱਗਭੱਗ 1000 ਤੋਂ 1200 ਪੋਸਟਾਂ ਹਰੇਕ ਸਾਲ ਭਰੀਆਂ ਜਾਣਗੀਆਂ। ਇਹ ਪ੍ਰਗਟਾਵਾ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ ਨੇ ਅੱਜ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਲਟੀਪਰਪਜ਼ ਹਾਲ ਅਤੇ ਪੁਲਿਸ ਕੰਟੀਨ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਦੌਰਾਨ ਉਹਨਾਂ ਵੱਲੋਂ ਪੁਲਿਸ ਫੋਰਸ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਗੌਰਵ ਯਾਦਵ ਨੇ ਕਿ ਪੰਜਾਬ ਪੁਲਿਸ ਵਿੱਚ ਹੁਣ 10,000 ਪੁਲਿਸ ਕਰਮਚਾਰੀਆਂ ਦੀ ਭਰਤੀ ਮੁਕੰਮਲ ਹੋ ਜਾਵੇਗੀ, ਜਿਸ ਨਾਲ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਕਮੀ ਪੂਰੀ ਹੋਵੇਗੀ। ਇਸ ਮੌਕੇ ਉਹਨਾਂ ਰਾਜ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਰੋਜ਼ਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਰਾਜ ਵਿੱਚੋਂ ਨਸ਼ਿਆ ਅਤੇ ਗੈਂਗਸਟਰਾਂ ਦੇ ਮੁਕੰਮਲ ਖਾਤਮੇ ਲਈ ਦਿ੍ਰੜ ਸੰਕਲਪ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੈ ਗੈਂਗਸਟਰਾਂ ਨੂੰ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਓਪਨ ਕੀਤੇ ਗਏ ਹਨ ਅਤੇ ਕੇਂਦਰ ਸਰਕਾਰ ਅਤੇ ਇੰਟਰਪੋਲ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਜੋ ਨੌਜਵਾਨ ਗੁੰਮਰਾਹ ਹੋ ਕੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਗਏ ਹਨ, ਪਰ ਸਿੱਧੇ ਤੌਰ ‘ਤੇ ਉਹਨਾਂ ਦੇ ਕੋਈ ਕਰਾਈਮ ਨਹੀਂ ਕੀਤਾ ਹੈ, ਉਹਨਾਂ ਨੂੰ ਪ੍ਰੇਰਿਤ ਕਰਕੇ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ।
ਸ੍ਰੀ ਯਾਦਵ ਨੇ ਕਿਹਾ ਕਿ ਦੂਜੇ ਰਾਜਾਂ ਵਿੱਚੋਂ ਆਉਣ ਵਾਲੇ ਨਜਾਇਜ਼ ਹਥਿਆਰਾਂ ਦੀ ਸਮੱਸਿਆ ਨੂੰ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੰਨ ਹਾਊਸਜ਼ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਾਰੀ ਕੀਤੇ ਗਏ ਅਸਲਾ ਲਾਈਸੰਸਾਂ ਦੀ ਤਿੰਨ ਮਹੀਨੇ ਦੇ ਅੰਦਰ ਮੁੜ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਬਾਰਡਰ ਸਕਿਊਰਿਟੀ ਫੋਰਸ ਨਾਲ ਤਾਲਮੇਲ ਕਰਕੇ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ਿਆ ਤੇ ਹਥਿਆਰਾਂ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਇਸ ਲਈ ਨਾਕੇ ਵੀ ਵਧਾਏ ਗਏ ਹਨ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸ਼ੋਸਲ ਮੀਡੀਆ ਰਾਹੀਂ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ, ਪ੍ਰੰਤੂ ਸ਼ੋਸਲ ਮੀਡੀਆ ਦੀ ਦੁਰਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਸ੍ਰੀ ਰਣਜੀਤ ਸਿੰਘ ਢਿੱਲੋਂ, ਆਈ. ਜੀ. ਬਾਰਡਰ ਰੇਂਜ ਸ੍ਰੀ ਮਨੀਸ਼ ਚਾਵਲਾ, ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਮੋਨੀਸ਼ ਕੁਮਾਰ ਐੱਸ. ਐੱਸ. ਪੀ. ਤਰਨ ਤਾਰਨ (ਵਾਧੂ ਚਾਰਜ) ਸ੍ਰੀ ਐੱਸ. ਐੱਸ. ਮਾਨ, ਐੱਸ. ਐੱਸ. ਪੀ. ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ, ਐੱਸ. ਐੱਸ. ਪੀ. ਫਾਜ਼ਿਲਕਾ ਸ੍ਰੀ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।