Close

In the field of education, the border district Tarn Taran is shining high

Publish Date : 17/08/2021
DEO

ਸਿੱਖਿਆ ਦੇ ਖੇਤਰ ਵਿੱਚ ਸਰਹੱਦੀ ਜ਼ਿਲ੍ਹਾ ਤਰਨਤਾਰਨ ਮਾਰ ਰਿਹਾ ਮੱਲਾਂ
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਕਿੱਤੇ ਪ੍ਰਤੀ ਸਮਰਪਣ ਸਦਕਾ ਬਣਾਈ ਨਿਵੇਕਲੀ ਪਹਿਚਾਣ
ਡਿਪਟੀ ਕਮਿਸ਼ਨਰ ਵੱਲੋਂ ਡੀਈਓ (ਐਲੀਮੈਂਟਰੀ), ਡੀਈਓ (ਸੈਕੰਡਰੀ) ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 16 ਅਗਸਤ :
ਪੰਜਾਬ ਸਰਕਾਰ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਪੰਜਾਬ ਵੱਲੋਂ ਪਿਛਲੇ ਕੁਝ ਵਰ੍ਹਿਆਂ ਵਿੱਚ ਮਿਆਰੀ ਅਤੇ ਗੁਣਾਤਮਕ ਸਿੱਖਿਆ, ਬੁਨਿਆਦੀ ਢਾਂਚੇ ਨੂੰ ਲੈਕੇ ਕ੍ਰਾਂਤੀਕਾਰੀ ਪਰਿਵਰਤਨ ਵੇਖਣ ਨੂੰ ਮਿਲੇ ਹਨ ਅਤੇ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਤਰਨਤਾਰਨ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਿੱਖਿਆ ਨੂੰ ਹੁਲਾਰਾ ਦੇਣ ਲਈ ਚਲਾਈਆਂ ਗਈਆਂ ਵੱਖ-ਵੱਖ ਮੁਹਿੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਅੱਜ ਦੀ ਤਾਰੀਖ਼ ਵਿੱਚ ਸਿੱਖਿਆ ਵਿਭਾਗ ਵਿੱਚ ਜ਼ਿਲ੍ਹਾ ਤਰਨਤਾਰਨ ਦਾ ਨਾਮ ਇੱਕ ਸਰਹੱਦੀ ਖੇਤਰ ਅਤੇ ਪੱਛੜਿਆ ਜ਼ਿਲ੍ਹਾ ਨਾ ਹੋ ਕੇ ਦੂਜਿਆਂ ਜ਼ਿਲਿਆਂ ਲਈ ਪ੍ਰੇਰਣਾ ਸਰੋਤ ਬਣ ਚੁੱਕਾ ਹੈ।
ਇਸ ਸ਼ਲਾਘਾਯੋਗ ਬਦਲਾਅ ਦਾ ਸਿਹਰਾ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਅਤੇ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਦੇ ਸਿਰ ਬੱਝਦਾ ਹੈ, ਜਿਹਨਾਂ ਦੀ ਯੋਗ ਅਗਵਾਈ ਅਤੇ ਸਿੱਖਿਆ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਦੀ ਲਲਕ ਸਦਕਾ ਇਹਨਾਂ ਵੱਲੋਂ ਪੂਰੇ ਜ਼ਿਲ੍ਹੇ ਦੇ ਅਧਿਕਾਰੀਆਂ, ਅਧਿਆਪਕਾਂ ਵਿੱਚ ਤਰਨਤਾਰਨ ਜ਼ਿਲ੍ਹੇ ਨੂੰ ਨੰਬਰ ਇੱਕ ਬਣਾਉਣ ਦਾ ਜਨੂੰਨ ਭਰਿਆ ਹੈ। ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ 75ਵੇਂ ਆਜ਼ਾਦੀ ਦਿਵਸ ਮੌਕੇ ਇਹਨਾਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ੍ਰੀ ਪਰਮਜੀਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਅਤੇ ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ਹਿੱਤ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਵੀਆਂ ਪੈੜਾਂ ਸਿਰਜ ਰਹੇ ਹਨ। 75ਵੇਂ ਆਜ਼ਾਦੀ ਦਿਵਸ ਮੌਕੇ ਪਰਮਜੀਤ ਸਿੰਘ ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ, ਨਰਿੰਦਰ ਕੁਮਾਰ ਭੱਲਾ ਸੁਪਰਡੰਟ ਸੈਕੰਡਰੀ, ਅਸ਼ਵਨੀ ਅਵਸਥੀ ਸੀਨੀਅਰ ਸਹਾਇਕ, ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਅਮਨਦੀਪ ਸਿੰਘ ਨੂੰ ਵੀ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਜੇਕਰ ਜ਼ਿਲ੍ਹਾ ਤਰਨਤਾਰਨ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਮਾਰਟ ਸਕੂਲ ਲਹਿਰ ਵਿੱਚ ਇਹ ਜ਼ਿਲ੍ਹਾ ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਵਿਭਾਗਾਂ ਅੰਦਰ ਹੀ ਪੂਰੇ ਪੰਜਾਬ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ। ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆਵਾਂ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਤਰਨਤਾਰਨ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸਕੂਲਾਂ ਦੀ ਸੁੰਦਰ ਦਿੱਖ ਨੂੰ ਬਿਆਨ ਕਰਦੀ ਡਿਜ਼ੀਟਲ ਐਲਬਮ ਬਣਾਉਣ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਸਭ ਜ਼ਿਲਿਆਂ ਵਿੱਚੋਂ ਮੋਹਰੀ ਰਿਹਾ ਜਿਸ ਦੀ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਪੰਜਾਬ ਅਚੀਵਮੈਂਟ ਸਰਵੇ 2020-21 ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਉਂਦਿਆਂ ਪੂਰੇ ਪੰਜਾਬ ਵਿੱਚ ਦੂਸਰੇ ਸਥਾਨ ਤੇ ਰਿਹਾ।
ਦਾਖ਼ਲਾ ਮੁਹਿੰਮ 2021-22 “ਈਚ ਵੰਨ ਬਰਿੰਗ ਵੰਨ” ਤਹਿਤ ਜਿੱਥੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਬੀਪੀਈਓ ਸਾਹਿਬਾਨ ਬੀਐਨੳ, ਪ੍ਰਿੰਸੀਪਲ ਸਾਹਿਬਾਨ , ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਘਰ ਘਰ ਮੁਹਿੰਮ ਤਹਿਤ ਵਿਦਿਆਰਥੀਆਂ ਦਾ ਦਾਖਲਾ ਕੀਤਾ। ਉੱਥੇ ਖੁਦ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਵੱਲੋਂ ਧਾਰਮਿਕ ਸਥਾਨਾਂ ਤੇ ਅਨਾਊਂਸਮੈਂਟ,ਕੈਨੋਪੀ ਰਾਹੀਂ ਪ੍ਰਚਾਰ ਅਤੇ ਘਰ ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ। ਜਿਸਦੇ ਸਿੱਟੇ ਵਜੋਂ ਜ਼ਿਲ੍ਹਾ ਤਰਨਤਾਰਨ ਦੀ ਐਨਰੋਲਮੈਂਟ ਮੁਹਿੰਮ ਦੌਰਾਨ ਵਾਧਾ ਪ੍ਰਤੀਸ਼ਤ ਸ਼ਾਨਦਾਰ 15.5% ਰਹੀ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਪ੍ਰੀ ਪ੍ਰਾਇਮਰੀ ਕਲਾਸਰੂਮਜ਼ ਵਿੱਚ ਨੰਨ੍ਹੇ ਬੱਚਿਆਂ ਲਈ ਝੂਲੇ ਅਤੇ ਖੇਡਣ ਦੇ ਸਮਾਨ ਦੀ ਵਿਵਸਥਾ ਹੈ।
ਤਰਨਤਾਰਨ ਦੇ ਸਮੂਹ ਬਲਾਕ ਸਿੱਖਿਆ ਦਫ਼ਤਰ ਜ਼ਿਲ੍ਹਾ ਅਧਿਕਾਰੀਆਂ ਦੀ ਯੋਗ ਰਹਿਨੁਮਾਈ ਹੇਠ ਸਮਾਰਟ ਹੋ ਚੁੱਕੇ ਹਨ ਅਤੇ ਇਸਦੇ ਨਾਲ ਹੀ ਨਿਵੇਕਲੀ ਪਹਿਲਕਦਮੀ ਕਰਦਿਆਂ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੀ ਸਮਾਰਟ ਦਿੱਖ ਧਾਰਨ ਕਰ ਚੁੱਕੇ ਹਨ।
ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਤੇ ਆਈਆਂ ਗ੍ਰਾਂਟਾਂ ਨੂੰ ਸਮੇਂ ਸਿਰ ਖਰਚ ਕਰਨ ਅਤੇ ਬੱਚਿਆਂ ਦੇ ਬੈਠਣ ਲਈ ਡੈਸਕ ਕਲਰ ਕੋਡਿੰਗ ਵਿੱਚ ਜ਼ਿਲ੍ਹਾ ਤਰਨਤਾਰਨ ਪਹਿਲੇ ਸਥਾਨ ਤੇ ਕਾਬਜ਼ ਹੈ। ਪ੍ਰਾਇਮਰੀ ਸਕੂਲਾਂ ਦੇ ਵਿੱਚ 100% ਸਮਾਰਟ ਐਲਈਡੀ ਟੀਵੀ ਸਕਰੀਨ ਲੱਗੀਆਂ ਹੋਈਆਂ ਹਨ ਜਿਸ ਤੋਂ ਵਿਦਿਆਰਥੀਆਂ ਨੂੰ ਈਕੰਟੈਂਟ ਰਾਹੀਂ ਪੜ੍ਹਨਾ ਹੋਰ ਵੀ ਸੌਖਾ ਹੋਇਆ ਹੈ। ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਜਿੱਥੇ ਹੁਣ ਤੱਕ 400 ਤੋਂ ਵੱਧ ਸਕੂਲਾਂ ਵਿੱਚ ਪ੍ਰੋਜੈਕਟਰ ਲਗਾਏ ਜਾ ਚੁੱਕੇ ਹਨ ਉੱਥੇ ਇਹਨਾਂ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ 300 ਨਵੇਂ ਟਾਇਲਟਸ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ।
ਦਫ਼ਤਰੀ ਕੰਮਕਾਜ ਵਿੱਚ ਨਿਪੁੰਨਤਾ ਲਿਆਉਣ ਦੇ ਮਕਸਦ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਜ਼ੀਰੋ ਪੈੰਡੰਸੀ ਮਿਸ਼ਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਕਿਸੇ ਵੀ ਅਧਿਕਾਰੀ, ਕਰਮਚਾਰੀ, ਅਧਿਆਪਕ ਦਾ ਦਫ਼ਤਰੀ ਕੰਮ ਬਿਨਾਂ ਕਿਸੇ ਦੇਰੀ ਤੋਂ ਸਮੇਂ ਸਿਰ ਹੋ ਰਹੇ ਹਨ ਜਿਸ ਦੀ ਅਧਿਆਪਕ ਵਰਗ ਵੱਲੋਂ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਪ੍ਰਾਪਤੀਆਂ ਜ਼ਿਲੇ ਦੇ ਮਿਹਨਤੀ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹਨ ਅਤੇ ਅਧਿਆਪਕਾਂ ਦੀ ਆਪਣੀ ਜ਼ਿਲੇ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਣ ਦੀ ਸੋਚ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ। ਉਨ੍ਹਾਂ ਅਧਿਆਪਕ ਨੂੰ ਇਸੇ ਲਗਨ ਅਤੇ ਦ੍ਰਿੜ੍ਹਤਾ ਨਾਲ ਜ਼ਿਲ੍ਹਾ ਤਰਨਤਾਰਨ ਨੂੰ ਨਵੀਆਂ ਬੁਲੰਦੀਆਂ ਤੇ ਲਿਜਾਣ ਲਈ ਪ੍ਰੇਰਿਤ ਕੀਤਾ।