In view of the effect of COVID-19, the District Magistrate issued an order regarding the restrictions / instructions to continue till July 31
ਕੋਵਿਡ-19 ਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ 31 ਜੁਲਾਈ ਤੱਕ ਜਾਰੀ ਰਹਿਣ ਵਾਲੀਆਂ ਪਾਬੰਦੀਆਂ/ਹਦਾਇਤਾਂ ਸਬੰਧੀ ਹੁਕਮ ਜਾਰੀ
150 ਤੋਂ ਵੱਧ ਲੋਕਾਂ ਦਾ ਇਕੱਠ ਅੰਦਰ ਅਤੇ 300 ਤੋਂ ਵੱਧ ਲੋਕਾਂ ਦਾ ਇਕੱਠ ਬਾਹਰ ਕਰਨ ਦੀ ਹੋਵੇਗੀ ਮਨਾਹੀ
ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਤਹਿਤ ਕਲਾਕਾਰਾਂ/ਸੰਗੀਤਕਾਰਾਂ ਨੂੰ ਸਮਾਗਮਾਂ/ਜਸ਼ਨਾਂ ਲਈ ਆਗਿਆ ਹੋਵੇਗੀ
10, 11 ਅਤੇ 12ਵੀਂ ਜਮਾਤ ਦੇ ਸਕੂਲਾਂ ਨੂੰ ਸੋਮਵਾਰ (26 ਜੁਲਾਈ, 2021) ਤੋਂ ਖੋਲ੍ਹਣ ਦੀ ਆਗਿਆ ਹੋਵੇਗੀ
ਸੰਪੂਰਨ ਕੋਵਿਡ-19 ਟੀਕਾਕਰਣ ਕਰਵਾਉਣ ਵਾਲੇ ਅਧਿਆਪਕ ਅਤੇ ਸਟਾਫ਼ ਨੂੰ ਸਰੀਰਕ ਤੌਰ ‘ਤੇ ਹਾਜ਼ਰ ਰਹਿਣ ਦੀ ਹੋਵੇਗੀ ਇਜ਼ਾਜਤ
ਤਰਨ ਤਾਰਨ, 21 ਜੁਲਾਈ :
ਕੋਵਿਡ-19 ਦੇ ਪ੍ਰਭਾਵ ਦੇ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਤਰਨ ਤਾਰਨ ਵੱਲੋਂ 20 ਜੁਲਾਈ, 2021 ਤੱਕ ਲਾਗੂ ਹੋਣ ਵਾਲੀਆਂ ਪਾਬੰਦੀਆਂ/ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ 31 ਜੁਲਾਈ, 2021 ਤੱਕ ਲਾਗੂ ਰਹਿਣ ਵਾਲੀਆਂ ਪਾਬੰਦੀਆਂ/ਹਦਾਇਤਾਂ ਸਬੰਧੀ ਗਾਈਡਲਾਈਨਾਂ ਪ੍ਰਾਪਤ ਹੋਈਆਂ ਹਨ।
ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਹੇਠ ਲਿਖੇ ਅਨੁਸਾਰ ਪਾਬੰਦੀਆਂ/ਹਦਾਇਤਾਂ ਮਿਤੀ 31 ਜੁਲਾਈ, 2021 ਤੱਕ ਸਖ਼ਤੀ ਅਤੇ ਸਾਵਧਾਨੀ ਨਾਲ ਲਾਗੂ ਹੋਣਗੀਆਂ।
1. 150 ਤੋਂ ਵੱਧ ਲੋਕਾਂ ਦਾ ਇਕੱਠ ਅੰਦਰ ਅਤੇ 300 ਤੋਂ ਵੱਧ ਲੋਕਾਂ ਦਾ ਇਕੱਠ ਬਾਹਰ ਕਰਨ ਦੀ ਮਨਾਹੀ ਹੋਵੇਗੀ, ਪਰ ਇਕੱਠ ਕਰਨ ਵਾਲੀ ਜਗ੍ਹਾਂ ਦੀ ਸਮੱਰਥਾ ਦੀ ਉਪਰਲੀ ਹੱਦ 50 ਫ਼ੀਸਦੀ ਤੱਕ ਰੱਖਣ ਦੀ ਸ਼ਰਤ ਤਹਿਤ ਹੋਵੇਗੀ। ਸਾਰੇ ਖੇਤਰਾਂ ਵਿੱਚ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਤਹਿਤ ਕਲਾਕਾਰਾਂ/ਸੰਗੀਤਕਾਰਾਂ ਨੂੰ ਸਮਾਗਮਾਂ/ਜਸ਼ਨਾਂ ਲਈ ਆਗਿਆ ਹੋਵੇਗੀ।
2. ਸਾਰੇ ਬਾਰ, ਸਿਨਿਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ 50 ਫ਼ੀਸਦੀ ਦੀ ਸਮੱਰਥਾ ਨਾਲ ਖੋਲਣ ਦੀ ਆਗਿਆ ਹੋਵੇਗੀ, ਪਰ ਸ਼ਰਤ ਹੋਵੇਗੀ ਕਿ ਹਾਜ਼ਰ ਸਟਾਫ ਵੱਲੋਂ ਸੰਪੂਰਨ ਕੋਵਿਡ-19 ਟੀਕਾਕਰਣ ਕਰਵਾਇਆ ਗਿਆ ਹੋਵੇ। ਸਵੀਮਿੰਗ, ਖੇਡਾਂ ਅਤੇ ਜਿੰਮ ਦੀਆਂ ਸਹੂਲਤਾਂ ਦੇ ਸਾਰੇ ਉਪਭੋਗਤਾ 18 ਸਾਲ ਤੋਂ ਉਪਰ ਦੇ ਵਿਅਕਤੀ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਘੱਟੋ-ਘੱਟ ਇਕ ਡੋਜ਼ ਵੈਕਸੀਨ ਲਈ ਹੋਵੇ। ਇਨ੍ਹਾਂ ਕਾਰਜਾਂ ਲਈ ਕੋਵਿਡ-19 ਦੇ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ।
3. ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਉੱਚ ਸਿਖਲਾਈ ਦੀਆਂ ਹੋਰ ਸਾਰੀਆਂ ਸੰਸਥਾਵਾਂ ਨੂੰ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੇ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਕਿ ਸਿਰਫ਼ ਸੰਪੂਰਨ ਕੋਵਿਡ-19 ਟੀਕਾਕਰਣ ਕਰਵਾਉਣ ਵਾਲੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਆਗਿਆ ਹੋਵੇਗੀ।
4. 10, 11 ਅਤੇ 12ਵੀਂ ਜਮਾਤ ਦੇ ਸਕੂਲਾਂ ਨੂੰ ਸੋਮਵਾਰ (26 ਜੁਲਾਈ, 2021) ਤੋਂ ਖੋਲ੍ਹਣ ਦੀ ਆਗਿਆ ਹੋਵੇਗੀ, ਪਰ ਕੇਵਲ ਉਹ ਅਧਿਆਪਕ ਅਤੇ ਸਟਾਫ਼ ਨੂੰ ਸਰੀਰਕ ਤੌਰ ‘ਤੇ ਹਾਜ਼ਰ ਰਹਿਣ ਦੀ ਇਜ਼ਾਜਤ ਹੋਵੇਗੀ, ਜਿਨ੍ਹਾਂ ਵੱਲੋਂ ਸੰਪੂਰਨ ਕੋਵਿਡ-19 ਟੀਕਾਕਰਣ ਕਰਵਾਇਆ ਗਿਆ ਹੋਵੇ। ਵਿਦਿਆਰਥੀਆਂ ਦੀ ਸਰੀਰਕ ਮੌਜੂਦਗੀ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ਦੇ ਅਧੀਨ ਹੋਵੇਗੀ ਅਤੇ ਵਰਚੁਅਲ (ਆੱਨਲਾਈਨ) ਕਲਾਸਾਂ ਦਾ ਵਿਕਲਪ ਜਾਰੀ ਰੱਖਿਆ ਜਾਵੇਗਾ। ਇਸ ਸਬੰਧ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਅੰਡਰਟੇਕਿੰਗ ਜਮ੍ਹਾਂ ਕਰਵਾਈ ਜਾਵੇਗੀ।
5. ਜੇਕਰ ਸਥਿਤੀ ਨਿਯੰਤਰਣ ਅਧੀਨ ਰਹਿੰਦੀ ਹੈ ਤਾਂ ਬਾਕੀ ਕਲਾਸਾਂ ਨੂੰ 2 ਅਗਸਤ, 2021 ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਕੋਵਿਡ-19 ਉਚਿਤ ਵਿਵਹਾਰ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ। ਸਿੱਖਿਆ ਵਿਭਾਗ ਇਸ ਸਬੰਧੀ ਹਦਾਇਤਾਂ ਜਾਰੀ ਕਰੇਗਾ।
ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿੱਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ/ਸਰੀਰਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।