In view of the increasing cases of Omicron, there is a great need to take precautionary measures against Covid-19 epidemic – Deputy Commissioner

ਓਮੀਕਰੋੋਨ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕੋਵਿਡ-19 ਮਹਾਂਮਾਰੀ ਪ੍ਰਤੀ ਸਾਵਧਾਨੀਆਂ ਨੂੰ ਅਪਣਾਉਣ ਦੀ ਬਹੁਤ ਲੋੜ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 6,33,662 ਲਾਭਪਾਤਰੀਆਂ ਨੂੰ ਲਗਾਈ ਗਈ 9,01,273 ਡੋਜ਼ ਕੋਵਿਡ ਵੈਕਸੀਨ
ਜ਼ਿਲਾ ਵਾਸੀਆਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਸਮੇਂ-ਸਿਰ ਜ਼ਰੂਰ ਲਗਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 28 ਦਸੰਬਰ :
ਦੁਨੀਆਂ ਵਿੱਚ ਓਮੀਕਰੋੋਨ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਾਨੂੰ ਕੋਵਿਡ-19 ਮਹਾਂਮਾਰੀ ਪ੍ਰਤੀ ਸਾਵਧਾਨੀਆਂ ਨੂੰ ਅਪਣਾਉਣ ਦੀ ਬਹੁਤ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਲਾਭਪਾਤਰੀਆਂ ਦੇ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਹ ਵੈਕਸੀਨ ਦੀ ਦੂਜੀ ਡੋਜ਼ ਸਮੇਂ-ਸਿਰ ਜ਼ਰੂਰ ਲਗਵਾਉਣ ਤਾਂ ਜੋ ਇਸ ਮਹਾਂਮਾਰੀ ਦੇ ਖਤਰੇ ਨੂੰ ਟਾਲਿਆ ਜਾ ਸਕੇ।ਉਹਨਾਂ ਕਿਹਾ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵੀ ਜਲਦੀ ਹੀ ਲਗਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬੂਸਟਰ ਡੋਜ਼ ਸਭ ਤੋਂ ਪਹਿਲਾ ਹੈੱਲਥਕੇਅਰ ਵਰਕਰਾਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲਗਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 6,33,662 ਲਾਭਪਾਤਰੀਆਂ ਨੂੰ 9,01,273 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਅੱਜ 1072 ਹੋਰ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਪਤਾ ਲਾਉਣ ਲਈ ਅੱਜ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਅੱਜ 695 ਸੈਂਪਲ ਹੋਰ ਲਏ ਗਏ ਹਨ। ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਅੱਜ ਕੀਤੇ ਗਏ 302 ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਲੈਬ ਵਿੱਚ 27 ਦਸੰਬਰ ਨੂੰ ਭੇਜੇ ਗਏ 417 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਹੁਣ ਤੱਕ 8080 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਹੁਣ ਤੱਕ ਕਰੋਨਾ ਵਾਇਰਸ ਤੋਂ ਪੀੜਤ 7698 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ।
ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਂਟੀਜਨ ਤੇ ਟਰੂਨੈੱਟ ਵਿਧੀ ਰਾਹੀਂ 4,84,323 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 4,72,204 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 393 ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਇਸ ਸਮੇਂ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਸਿਰਫ਼ 01 ਹੈ, ਜਿਸ ਨੂੰ ਘਰ ’ਚ ਇਕਾਂਤਵਾਸ ਕੀਤਾ ਗਿਆ ਹੈ।
ਉਹਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨ ਇਸ ਭਿਆਨਕ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੈਕਸੀਨ ਜ਼ਰੂਰ ਲਗਵਾਉਣ। ਉਹਨਾਂ ਕਿਹਾ ਕਿ ਜ਼ਿਲਾ ਵਾਸੀ ਕੋਵਿਡ-19 ਮਹਾਂਮਾਰੀ ਪ੍ਰਤੀ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਜ਼ਰੂਰ ਅਪਣਾਉਣ ਅਤੇ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨ ਅਤੇ 02 ਗਜ਼ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣ।