Keeping crop residues in the field will reduce dependence on chemical fertilizers: Dr. Bhupinder Singh AO

ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਰੱਖਣ ਨਾਲ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟੇਗੀ: ਡਾ ਭੁਪਿੰਦਰ ਸਿੰਘ ਏਓ
ਪਿੰਡ ਆਸਲ ਵਿਖੇ ਫਸਲਾਂ ਦੀ ਰਹਿੰਦ ਖੂੰਹਦ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ
ਤਰਨ ਤਾਰਨ, 19 ਅਗਸਤ
ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿਖਲਾਈ ਅਫਸਰ ਤਰਨ ਤਾਰਨ ਡਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਪੱਟੀ ਦੇ ਵੱਖ ਵੱਖ ਪਿੰਡਾਂ ਵਿੱਚ 25 ਜੁਲਾਈ ਤੋਂ 16 ਸਤੰਬਰ ਤੱਕ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਕੈਂਪਾਂ ਦੀ ਲੜੀ ਤਹਿਤ ਪਿੰਡ ਆਸਲ ਵਿਖੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ , ਬੀ ਟੀ ਐਮ ਗੁਰਪ੍ਰੀਤ ਸਿੰਘ, ਰਜਿੰਦਰ ਕੁਮਾਰ ਕੁਮਾਰ ਏ ਈਓ ਅਤੇ ਮਨਮੋਹਨ ਸਿੰਘ ਏ ਈਓ ਨੇ ਜਾਗਰੂਕਤਾ ਕੈਂਪ ਲਗਾਇਆ।
ਇਸ ਮੌਕੇ ਡਾ ਭੁਪਿੰਦਰ ਸਿੰਘ ਏਓ ਨੇ ਕਿਹਾ ਕਿ ਕੈਂਪਾਂ ਦਾ ਉਦੇਸ਼ ਕਿਸਾਨਾਂ ਨੂੰ ਪਿੰਡ ਪੱਧਰ ਤੇ ਜਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਕਿਸਾਨ ਹਿੱਤ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਵਿਗਿਆਨੀਆਂ ਦੁਆਰਾ ਕੁਦਰਤ ਪੱਖੀ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਹੈ। ਉਹਨਾਂ ਕਿਹਾ ਕਿ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਤੇ ਖੇਤੀ ਨਿਰਭਰ ਹੈ। ਇਸ ਲਈ ਸਾਨੂੰ ਖੇਤੀ ਵਿਗਿਆਨੀਆਂ ਵੱਲੋਂ ਸੁਝਾਈਆਂ ਕੁਦਰਤ ਪੱਖੀ ਤਕਨੀਕਾਂ ਨੂੰ ਅਪਣਾ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਫਸਲਾਂ ਦੀ ਕਟਾਈ ਤੋਂ ਬਾਅਦ ਬਚਿਆ ਹੋਇਆ ਅਣਮੁੱਲਾ ਜੈਵਿਕ ਪਦਾਰਥ ਹੈ।
ਇਸ ਦੀ ਮਹੱਤਤਾ ਨੂੰ ਨਾਂ ਸਮਝਦੇ ਹੋਏ ਕਈ ਵਾਰ ਕਿਸਾਨ ਇਸ ਨੂੰ ਸਾੜ ਦਿੰਦੇ ਹਨ। ਜਦ ਕਿ ਝੋਨੇ ਦੀ ਪਰਾਲੀ ਵਿੱਚ ਪੌਦੇ ਦੇ ਜਰੂਰੀ ਪੋਸ਼ਟਕ ਤੱਤਾਂ ਦੀ ਕਾਫੀ ਮਾਤਰਾ ਹੁੰਦੀ ਹੈ। ਪਰਾਲੀ ਨੂੰ ਮਿੱਟੀ ਵਿੱਚ ਸ਼ਾਮਿਲ ਕਰਨ ਨਾਲ ਬਹੁਤੇ ਪੋਸ਼ਟਿਕ ਤੱਤ ਧਰਤੀ ਵਿੱਚ ਵਾਪਸ ਕੀਤੇ ਜਾ ਸਕਦੇ ਹਨ, ਜੋ ਲੰਬੇ ਸਮੇਂ ਲਈ ਮਿੱਟੀ ਦੇ ਪੌਸ਼ਟਿਕ ਤੱਤਾਂ ਦੀ ਮੁੜ ਸੰਭਾਲ ਵਿੱਚ ਸਹਾਇਤਾ ਕਰਦੇ ਹਨ ਅਤੇ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟਾਉਂਦੇ ਹਨ। ਇਸ ਮੌਕੇ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਸਬੰਧੀ ਆਉਂਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ।
ਇਸ ਮੌਕੇ ਸਰਪੰਚ ਸੋਨਬੀਰ ਸਿੰਘ, ਗੁਰਕੀਰਤ ਸਿੰਘ ਪੰਚਾਇਤ ਮੈਂਬਰ, ਅਵਤਾਰ ਸਿੰਘ, ਕਿਸਾਨ ਆਗੂ ਹਰਵਿੰਦਰ ਸਿੰਘ,ਇੰਦਰਜੀਤ ਸਿੰਘ ,ਭੁਪਿੰਦਰ ਪਾਲ ਸਿੰਘ, ਅਮਰਿੰਦਰ ਸਿੰਘ, ਫੀਲਡ ਵਰਕਰ ਗੁਰਲਾਲ ਸਿੰਘ, ਗੁਰਦੇਵ ਸਿੰਘ ਸਰਹਾਲੀ ਸਹਾਇਕ ਤਕਨੀਕੀ ਪ੍ਰਬੰਧਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।