Kisan Mela held at Krishi Science Centre, Buh Tarn Taran
Publish Date : 17/10/2022
ਕੇ ਵੀ ਕੇ ਤਰਨਤਾਰਨ ਵੱਲੋਂ ਕਿਸਾਨ ਮੇਲਾ
ਤਰਨਤਾਰਨ 14 ਅਕਤੂਬਰ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨਤਾਰਨ ਨੇ ਹੈਵਨ ਵਿਊ ਰਿਜ਼ੋਰਟ,ਤਰਨਤਾਰਨ ਰੋਡ, ਪੱਟੀ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨੀਕਰਨ ਅਤੇ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ `ਤੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਜੈਕਟ ਅਧੀਨ ਕਿਸਾਨ ਮੇਲਾ ਲਗਾਇਆ।ਇਸ ਸਮਾਗਮ ਵਿੱਚ ਸ.ਲਾਲਜੀਤ ਸਿੰਘ ਭੁੱਲਰ, ਮਾਨਯੋਗ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਟਰਾਂਸਪੋਰਟ ਮੰਤਰਾਲਾ,ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ:ਇੰਦਰਜੀਤ ਸਿੰਘ, ਮਾਨਯੋਗ ਉਪ ਕੁਲਪਤੀ ਅਤੇ ਸ਼ ਮੋਨੀਸ਼ ਕੁਮਾਰ, ਡਿਪਟੀ ਕਮਿਸ਼ਨਰ, ਤਰਨਤਾਰਨ ਨੇ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ ਬਲਵਿੰਦਰ ਕੁਮਾਰ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ ਨੇ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕੇਵੀਕੇ ਤਰਨਤਾਰਨ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 1500 ਏਕੜ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਹੀ ਇਸ ਦੀ ਵਰਤੋਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜ਼ੋ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਵਿੱਚ ਸੁਧਾਰ ਹੋ ਸਕੇ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਾਨਯੋਗ ਉਪ ਕੁਲਪਤੀ ਡਾ:ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅਤੇ ਇਸ ਨੂੰ ਸੁਚੱਜੇ ਢੰਗ ਨਾਲ ਵਰਤ ਅਤੇ ਖੇਤੀ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਭਗ 20 ਲੱਖ ਟਨ ਫਸਲਾਂ ਦੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ ਅਤੇ ਇਸ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਵੱਖ-ਵੱਖ ਵਰਤੋਂ ਲਈ ਲਿਆਂਦਾ ਜਾ ਸਕਦਾ ਹੈ ਜਿਸ ਨਾਲ ਖੇਤੀ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕਦਾ ਹੈ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਦੀ ਸਹਾਇਤਾ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ ਅਤੇ ਵੱਖ-ਵੱਖ ਫਸਲਾਂ ਦੀ ਰਹਿੰਦ-ਖੂੰਹਦ ਦੀ ਮਸ਼ੀਨਰੀ ਕਿਸਾਨਾਂ ਨੰੁ ਉਪਲਬਧ ਕਰਵਾਈ ਜਾ ਰਹੀ ਹੈ। ਡਾ ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦੇ ਤਰੀਕਿਆਂ ਲਈ ਨਵੀਆਂ ਵਿਗਿਆਨਕ ਤਕਨੀਕਾਂ ਸਿੱਖਣ ਲਈ ਯੂਨੀਵਰਸਿਟੀ ਅਤੇ ਇਸ ਦੇ ਕੇਵੀਕੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਅਗਾਂਹਵਧੂ ਕਿਸਾਨ ਜੋ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਹਨ ਅਤੇ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਹਨ, ਨੇ ਵੀ ਇਸ ਮੌਕੇ ਹੋਰਨਾਂ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਬੁਰਜ ਦੇਵਾ ਸਿੰਘ ਦੇ ਇੱਕ ਅਗਾਂਹਵਧੂ ਕਿਸਾਨ ਗੁਰਬਚਨ ਸਿੰਘ, ਜਿਸ ਦੀ ਮਨ ਕੀ ਬਾਤ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਲਾਘਾ ਕੀਤੀ ਗਈ ਸੀ, ਨੇ ਕਿਹਾ ਕਿ ਉਸਨੇ ਕੇਵੀਕੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਸਾੜਨ ਦੀ ਪ੍ਰਥਾ ਨੂੰ ਤਿਆਗ ਦਿੱਤਾ ਹੈ। ਅਜੈਵਿਕ ਖਾਦਾਂ ਦੀ ਬਿਨਾਂ ਵਰਤੋਂ ਦੇ ਨਾਲ ਝੋਨੇ ਅਤੇ ਕਣਕ ਦਾ ਚੰਗਾ ਝਾੜ ਲੈ ਰਿਹਾ ਹੈ ਅਤੇ ਖੇਤ ਵਿੱਚ ਰਹਿੰਦ-ਖੂੰਹਦ ਨੂੰ ਲਗਾਤਾਰ ਸ਼ਾਮਲ ਕਰਨ ਤੋਂ ਬਾਅਦ ਮਿੱਟੀ ਦੇ ਜੈਵਿਕ ਮਾਦਾਂ ਨੂੰ ਉੱਚ ਪੱਧਰ ਤੱਕ ਸੁਧਾਰ ਲਿਆ ਹੈ। ਇਸ ਮੌਕੇ ਗਡਵਾਸੂ, ਪੀਏਯੂ ਅਤੇ ਹੋਰ ਸਬੰਧਤ ਵਿਭਾਗਾਂ ਦੇ ਵੱਖ-ਵੱਖ ਮਾਹਿਰਾਂ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ। ਮੇਲੇ ਵਿੱਚ ਸ. ਹਰਦਿਆਲ ਸਿੰਘ, ਸ. ਸ਼ੇਰ ਸਿੰਘ, ਕੋਟਬੁੱਢਾ, ਸ. ਗਿਆਨ ਸਿੰਘ, ਕੋਟਬੁੱਢਾ, ਸ. ਗੁਰਬਚਨ ਸਿੰਘ, ਬੁਰਜ ਦੇਵਾ ਸਿੰਘ, ਸ. ਦਿਲਬਾਗ ਸਿੰਘ, ਪੀ.ਏ, ਰੱਤਾਗੁੱਦਾ, ਸ. ਗੁਰਪਰਿੰਦਰ ਉੱਪਲ, ਸ. ਗੁਰਪ੍ਰੀਤ ਭੁੱਲਰ, ਸ. ਗੁਰਵਿੰਦਰ ਬੁਰਜ, ਸ. ਨੱਛਤਰ ਸਿੰਘ ਰਾੜੀਆ ਅਤੇ ਹੋਰ ਵੀ ਕਿਸਾਨ ਵੀਰਾਂ ਨੇ ਹਿੱਸਾ ਲਿਆ। ਮੇਲੇ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਮਸ਼ੀਨਰੀ ਕਾਫ਼ੀ ਮਾਤਰਾ ਵਿੱਚ ਰੱਖੀ ਗਈ ਸੀ। ਮੇਲੇ ਵਿੱਚ ਕਰੀਬ 1200 ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਉਨਾਂ ਨੇ ਯੂਨੀਵਰਸਿਟੀ ਅਤੇ ਕੇ ਵੀ ਕੇ ਦੇ ਸਾਹਿਤ, ਸੁੱਧਰੇ ਬੀਜ਼, ਧਾਤਾਂ ਦਾ ਚੂਰਾ, ਪਸ਼ੂ ਚਾਟ ਅਦਿ ਦੀ ਖ੍ਰੀਦਾਰੀ ਕੀਤੀ।