Land and Water Conservation Department Patti Organizes Farmers Camp to Promote Micro Irrigation Techniques
ਸੂਖਮ ਸਿੰਚਾਈ ਤਕਨੀਕਾਂ ਨੂੰ ਉਤਸਾਹਿਤ ਕਰਨ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਪੱਟੀ ਵੱਲੋਂ ਕਿਸਾਨ ਕੈਂਪ ਦਾ ਆਯੋਜਨ
ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਵੱਖ-ਵੱਖ ਸੂਖਮ ਸਿੰਚਾਈ ਤਕਨੀਕਾਂ ਜਿਵੇਂ ਕਿ ਤੁੱਪਕਾ/ਫੁਹਾਰਾ ਆਦਿ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਸਬਸਿਡੀ ਦੀ ਸਹੂਲਤ
ਤਰਨ ਤਾਰਨ, 22 ਅਕਤੂਬਰ :
ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਖੇਤੀਬਾੜੀ ਵਿਚ ਪਾਣੀ ਦੀ ਬੱਚਤ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਮਾਈਕਰੋ ਇਰੀਗੇਸ਼ਨ ਸਕੀਮ ਨੂੰ ਉਤਸਾਹਿਤ ਕਰਨ ਲਈ ਪਿੰਡ ਕੁੱਲਾ (ਪੱਟੀ) ਵਿਖੇ ਕਿਸਾਨਾਂ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਫ਼ੀ ਪਿੰਡਾਂ ਦੇ ਲੋਕ ਹਾਜ਼ਰ ਹੋਏ।
ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਵੱਖ-ਵੱਖ ਸੂਖਮ ਸਿੰਚਾਈ ਤਕਨੀਕਾਂ ਜਿਵੇਂ ਕਿ ਤੁੱਪਕਾ/ਫੁਹਾਰਾ ਆਦਿ ਲਈ ਸਰਕਾਰ ਵੱਲੋਂ ਆਮ ਵਰਗਾਂ ਲਈ 80 ਫੀਸਦੀ, ਜਦ ਕਿ ਔਰਤਾਂ, ਛੋਟੇ ਤੇ ਸੀਮਾਂਤ ਕਿਸਾਨਾਂ ਅਤੇ ਅਨੂਸੂਚਿਤ ਜਾਤੀ ਤੇ ਪੱਛੜੇ ਵਰਗਾਂ ਲਈ 90 ਫੀਸਦੀ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹਨਾਂ ਤਕਨੀਕਾਂ ਦੀ ਵਰਤੋਂ ਨਾਲ 60 ਫੀਸਦੀ ਤੱਕ ਪਾਣੀ ਬੱਚਤ ਹੁੰਦੀ ਹੈ ਅਤੇ ਫ਼ਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਦੇ ਨਾਲ ਨਾਲ ਵਿਭਾਗ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਲਈ ਵੱਖ-ਵੱਖ ਫ਼ਸਲਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਇਸ ਮੌਕੇ ਨੇੜਲੇ ਇਲਾਕੇ ਵਿੱਚ ਚੱਲ ਰਹੇ ਤੁੱਪਕਾ/ਫੁਹਾਰਾ ਸਿੰਚਾਈ ਪ੍ਰੋਜੈਕਟਾਂ ਦਾ ਦੌਰਾ ਵੀ ਕਰਵਾਇਆ ਗਿਆ।
ਇਹ ਵੀ ਦੱਸਿਆ ਗਿਆ ਕਿ ਇੱਛੁਕ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਆਪਣੇ ਨੇੜਲੇ ਬਲਾਕ ਪੱਧਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਨਲਾਈਨ ਮਾਧਿਅਮ ਰਾਹੀਂ www.tupkasinchayee.punjab.gov.in ਪੋਰਟਲ ‘ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹਨ।