License and registration mandatory for every food business operator-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹਰ ਇੱਕ ਫੂਡ ਬਿਜਨੈੱਸ ਉਪਰੇਟਰ ਲਈ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 01 ਨਵੰਬਰ :
ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਤਰਨ ਤਾਰਨ ਵਿਖੇ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ, ਜੀ. ਐੱਮ. ਡੀ. ਆਈ. ਸੀ. ਸ੍ਰੀ ਭਗਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ, ਕਾਰਜ ਸਾਧਕ ਅਫ਼ਸਰ ਸ੍ਰੀ ਕਮਲਜੀਤ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਇੱਕ ਫੂਡ ਉਪਰੇਟਰ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈੱਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੂਹ ਫੂਡ ਵਿਕਰੇਤਾਵਾਂ ਨਾਲ ਰਲ ਮਿਲ ਕੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾ, ਖਾਣ-ਪਦਾਰਥ, ਫਲ ਸਬਜ਼ੀਆਂ, ਦੁੱਧ ਅਤੇ ਦੁੱਧ ਦੇ ਪਦਾਰਥ ਆਦਿ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਪਰ ਈਟ ਰਾਈਟ ਮੁਹਿੰਮ ਤਹਿਤ ਸਾਰੇ ਵਿਭਾਗਾਂ ਦੇ ਯੋਗਦਾਨ ਦੀ ਸਖ਼ਤ ਲੋੜ ਹੈ, ਕਿਉਂਕਿ ਆਮ ਲੋਕਾਂ ਨੂੰ ਜਾਗਰੂਕ ਕਰਨਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ ਅਤੇ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨੇ ਵੀ ਪੁਰਾਣੇ ਫੂਡ ਸੈਪਲਿੰਗ ਸੰਬੰਧੀ ਕੋਰਟ ਕੇਸ ਚੱਲਦੇ ਪਏ ਹਨ, ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਨੇ ਕਿਹਾ ਕਿ ਫੂਡ ਸੈਫਟੀ ਐੱਕਟ 2006 ਦੇ ਅਧੀਨ ਸਾਰੇ ਫੂਡ ਬਿਜਨੈੱਸ ਆਪਰੇਟਰ ਇਸ ਐੱਕਟ ਨੂੰ ਲਾਗੂ ਕਰਨ ਅਤੇ ਅਮਲ ਵਿੱਚ ਲਿਆਉਣ ਲਈ ਸਿਹਤ ਵਿਭਾਗ ਦੀ ਮੱਦਦ ਕਰਨ ।
ਉਹਨਾਂ ਸਾਰੇ ਹੋਟਲ, ਰੈੱਸਟੋਰੇਂਟ ਮਾਲਕ, ਢਾਬਾ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਡੈਸ਼ ਬੋਰਡ ਲਗਾਇਆ ਜਾਵੇ ਅਤੇ ਰਸੋਈਆ ਵਿੱਚ ਸਾਫ਼-ਸਫ਼ਾਈ ਵੱਲ ਖ਼ਾਸ ਧਿਆਨ ਦੇਣ ਲਈ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕੇ ਰਸੋਈ ਵਿੱਚ ਵਰਤਣ ਯੋਗ ਸਾਮਾਨ ਜਿਵੇਂ ਕਿ ਮਿਰਚ ਮਸਾਲੇ, ਹਲਦੀ ਆਦਿ ਦੀ ਜਾਂਚ ਆਪਣੇ ਪੱਧਰ ‘ਤੇ ਕਰਵਾਈ ਜਾਵੇ ਤਾਂ ਜੋ ਕੇ ਫੂਡ ਸੈਪਲਿੰਗ ਦੌਰਾਨ ਕਾਨੂੰਨੀ ਕਾਰਵਾਈ ਤੋਂ ਬਚਾਅ ਹੋ ਸਕੇ ।