Mahatma Gandhi Sarbat Vikas Yojana District level mega camp to be set up at Indoor Stadium Tarn Taran on November 20-Deputy commissioner
Publish Date : 18/11/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 20 ਨਵੰਬਰ ਨੂੰ ਇੰਨਡੋਰ ਸਟੇਡੀਅਮ
ਤਰਨ ਤਾਰਨ ਵਿਖੇ ਲੱਗੇਗਾ ਜ਼ਿਲ੍ਹਾ ਪੱਧਰੀ ਮੈਗਾ ਕੈਂਪ-ਡਿਪਟੀ ਕਮਿਸ਼ਨਰ
ਤਰਨ ਤਾਰਨ, 18 ਨਵੰਬਰ :
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਪਹੁੰਚਾਉਣ ਲਈ ਲਾਏ ਜਾ ਰਹੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪਾਂ ਦੀ ਲੜੀ ਤਹਿਤ ਇਸ ਵਾਰ ਦਾ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੈਗਾ ਕੈਂਪ 20 ਨਵੰਬਰ, 2019 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਇੰਨਡੋਰ ਸਟੇਡੀਅਮ ਨੇੜੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਲਗਾਇਆ ਜਾਵੇਗਾ, ਜਿੱਥੇ ਸਬੰਧਤ ਵਿਭਾਗ ਮੌਕੇ ’ਤੇ ਹੀ ਆਪਣੇ ਸਟਾਲ ਲਾ ਕੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਲਈ ਬਿਨੈ ਪੱਤਰ ਭਰਨ ’ਚ ਮੱਦਦ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੋਂ ਵਾਂਝੇ ਰਹਿ ਗਏ ਯੋਗ ਪ੍ਰਾਰਥੀਆਂ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਇਸ ਕੈਂਪ ਵਿੱਚ ਪਹੁੰਚ ਕੇ ਆਪਣੇ ਫਾਰਮ ਭਰਨ ਤਾਂ ਜੋ ਕੋਈ ਵੀ ਲੋੜਵੰਦ ਤੇ ਯੋਗ ਵਿਅਕਤੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਆਟਾ-ਦਾਲ ਸਕੀਮ ਦੇ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਬੇਘਰਿਆਂ ਨੂੰ 5-5 ਮਰਲੇ ਦੇ ਪਲਾਟਾਂ ਲਈ, ਕਿਰਤ ਵਿਭਾਗ ਵਲੋਂ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ, ਭਲਾਈ ਵਿਭਾਗ ਵਲੋਂ ਅਸ਼ੀਰਵਾਦ (ਸ਼ਗਨ) ਸਕੀਮ ਸਬੰਧੀ, ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਆਤਮ ਹੱਤਿਆ ਦੇ ਮੁਆਵਜ਼ੇ ਦੇ, ਲੀਡ ਜ਼ਿਲ੍ਹਾ ਬੈਂਕ ਮੈਨੇਜਰ ਵਲੋਂ ਬੈਂਕ ਸਕੀਮਾਂ ਸਬੰਧੀ ਫਾਰਮ ਭਰੇ ਜਾਣਗੇ।ਇਸ ਤੋਂ ਇਲਾਵਾ ਮਗਨਰੇਗਾ ਤਹਿਤ ਜਾਬ ਕਾਰਡ ਵੀ ਬਣਾਏ ਜਾਣਗੇ।ਉਨ੍ਹਾਂ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਪਹੁੰਚ ਕੇ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਫਾਰਮ ਭਰਨ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਸਬੰਧਤ ਸਕੀਮ ਲਈ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੀ ਮਿਲੇਗਾ।
ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕਰਜ਼ੇ ਦੀ ਮਾਰ ਹੇਠ ਆਉਂਦੇ ਕਿਸਾਨ, ਅਜਿਹੇ ਪਰਿਵਾਰ ਜਿਸ ਦੇ ਮੈਂਬਰ ਗੰਭੀਰ ਬਿਮਾਰੀ ਜਿਵੇਂ ਏਡਜ਼, ਕੈਂਸਰ ਆਦਿ ਤੋਂ ਪੀੜਤ, ਔਰਤ ਮੁਖੀਆਂ ਵਾਲੇ ਪਰਿਵਾਰ, ਉਹ ਪਰਿਵਾਰ ਜਿਨ੍ਹਾਂ ਨੇ ਇਕ ਮਾਤਰ ਕਮਾਊ ਜੀਅ ਗਵਾਇਆ ਹੋਵੇ, ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਬੇ-ਘਰੇ ਪਰਿਵਾਰ, ਸਕੂਲੋਂ ਵਿਰਵੇਂ ਅਤੇ ਕੁਪੋਸ਼ਣ ਦਾ ਸ਼ਿਕਾਰ ਬੱਚੇ, ਅਪਾਹਜ ਅਤੇ ਮੰਦਬੁੱਧੀ ਵਾਲੇ ਲੋਕਾਂ ਦੇ ਪਰਿਵਾਰ, ਨਸ਼ੇ ਤੋਂ ਪੀੜਿਤ ਜਾਂ ਬਜ਼ੁਰਗ ਲੋਕ ਜਿਨ੍ਹਾਂ ਨੂੰ ਪਰਿਵਾਰ ਜਾਂ ਸਮਾਜ ਦਾ ਕੋਈ ਸਹਾਰਾ ਨਹੀਂ, 18 ਸਾਲ ਦੀ ਉਮਰ ਤੋਂ ਉਪਰ ਬੇਰੋਜ਼ਗਾਰ ਨੌਜਵਾਨ, ਝੁੱਗੀ ਝੌਂਪੜੀ ਵਿਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੇ ਦੁਰਘਟਨਾਵਾਂ ਦੇ ਸ਼ਿਕਾਰ ਪਰਿਵਾਰ, ਤੇਜ਼ਾਬੀ ਹਮਲੇ ਦੇ ਸ਼ਿਕਾਰ, ਹੱਥਾਂ ਨਾਲ ਮੈਲਾ ਢੋਹਣ ਵਾਲੇ ਤੇ ਸੈਨੇਟਰੀ ਵਰਕਰ ਅਤੇ ਅਨਾਥ, ਤੀਜੇ ਲਿੰਗ ਤੇ ਭਿਖਾਰੀ ਆਦਿ ਵੀ ਉਕਤ ਸਕੀਮਾਂ ਦਾ ਲਾਭ ਲੈਣ ਦੇ ਹੱਕਦਾਰ ਹਨ।
——————