Close

Malwinder Singh Dhillon organized a village level farmer training camp on direct sowing of paddy at Takhtuchak

Publish Date : 29/05/2023

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਤਖ਼ਤੂਚੱਕ ਵਿਖੇ ਲਗਾਇਆ ਮਲਵਿੰਦਰ ਸਿੰਘ ਢਿੱਲੋਂ
ਖਡੂਰ ਸਾਹਿਬ, 27 ਮਈ :
ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਹਰਪਾਲ ਸਿੰਘ ਪੰਨੂੰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਮਲਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਤਖਤੂਚੱਕ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੀ ਸਫਲਤਾ ਵਿੱਚ 60% ਹਿੱਸਾ ਜ਼ਮੀਨ ਦੀ ਕਿਸਮ ਅਤੇ ਉਸਦੀ ਤਿਆਰੀ ਨਿਰਧਾਰਿਤ ਕਰਦੀ ਹੈ।ਬਾਕੀ 20 ਪ੍ਰਤਿਸ਼ਤ ਬੀਜਣ ਦੇ ਤਰੀਕੇ ਅਤੇ 20 ਪ੍ਰਤਿਸ਼ਤ ਨਦੀਨ ਪ੍ਰਬੰਧ ਦੀ ਸਫਲਤਾ ਉੱਤੇ ਨਿਰਭਰ ਹੈ ।ਦਰਮਿਆਨੀ ਤੋਂ ਭਾਰੀ ਅਤੇ ਰੇਤਲੀ ਚੀਕਣੀ ਜ਼ਮੀਨ ਵਿੱਚ ਹੀ ਸਿੱਧੀ ਬਿਜਾਈ ਕਾਮਯਾਬ ਹੈ।ਰੇਤਲੀ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ ਖਾਸ ਕਰ ਜਿੱਥੇ ਨਹਿਰੀ ਪਾਣੀ ਨਾ ਹੋਵੇ।ਸਿੱਧੀ ਬਿਜਾਈ ਲਈ ਤਿਆਰੀ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਤੋਂ ਫੌਰਨ ਬਾਦ ਸ਼ੁਰੂ ਕਰ ਦੇਣੀ ਚਾਹੀਦੀ ਹੈ।ਜੇਕਰ ਕਿਸਮ ਪਿਛਲੇ ਸਾਲ ਵਾਲੀ ਹੀ ਬੀਜਣੀ ਹੈ ਤਾਂ ਪੁਰਾਣੇ ਝੋਨੇ ਦੇ ਰਲੇ ਦਾ ਡਰ ਘਟ ਜਾਂਦਾ ਹੈ ਪਰ ਜੇਕਰ ਕਿਸਮ ਨਵੀਂ ਬੀਜਣੀ ਹੈ ਤਾਂ ਪਿਛਲੇ ਸਾਲ ਦੇ ਝੋਨੇ ਦੇ ਬੀਜ(ਰਲੇ) ਅਤੇ ਨਦੀਨ ਨੂੰ ਉਗਾਉਣ ਲਈ ਇੱਕ ਜਾਂ ਦੋ ਰੌਣੀਆਂ ਦੀ ਜਰੂਰਤ ਪੈਂਦੀ ਹੈ। ਰੌਣੀ ਕਰਕੇ ਉੱਗੇ ਰਲੇ ਅਤੇ ਨਦੀਨ ਨੂੰ ਤਵੀਆਂ, ਪਲਟਾਵੀਆਂ ਹੱਲਾਂ,ਮੋਟੀਆਂ ਹੱਲਾਂ,ਰੋਟਾਵੇਟਰ ਆਦਿ ਨਾਲ ਵਾਹ ਕੇ ਨਸ਼ਟ ਕਰਕੇ ਜ਼ਮੀਨ ਨੂੰ ਬਿਜਾਈ ਕਰਨ ਦੀ ਤਰੀਕ ਤੱਕ ਖੁੱਲਾ ਛੱਡ ਦੇਣਾ ਚਾਹੀਦਾ ਹੈ ।ਜੇ ਬਿਜਲੀ ਪਾਣੀ ਉਪਲਬਧ ਨਹੀਂ ਤਾਂ ਵੀ ਜ਼ਮੀਨ ਨੂੰ ਦੋ ਵਾਰ ਸੁੱਕਾ ਹੀ ਵਾਹ ਕੇ ਸੂਰਜ ਦੀ ਤਪਸ਼ ਲੱਗਣ ਲਈ ਛੱਡ ਦਿਓ ।ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਲੇਜ਼ਰ ਲੈਵਲਰ ਜਰੂਰ ਫੇਰਨਾ ਚਾਹੀਦਾ ਹੈ। ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ 20 ਮਈ ਤੋਂ 5 ਜੂਨ ਤੱਕ ਹੈ ਅਤੇ ਬਾਸਮਤੀ  ਕਿਸਮਾਂ ਲਈ 10 ਤੋਂ 25 ਜੂਨ ਤੱਕ ਹੈ ।ਝੋਨੇ ਦੀਆਂ ਥੋੜੇ ਸਮੇਂ ਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ PR 122,126,128,129 ਅਤੇ ਸਾਵਾ 127,134,7301 ਆਦਿ
(ਪੂਸਾ 44 ,ਪੂਸਾ ਪੀਲੀ ਜਾਂ ਪੂਸਾ ਡੋਗਰ ਤੋਂ ਪਰਹੇਜ਼ ਹੀ ਚੰਗਾ ਹੈ)
ਨਵੀਆਂ ਕਿਸਮਾਂ ਪੀ ਆਰ 130 ਅਤੇ 131 ।ਬਾਸਮਤੀ ਲਈ ਘੱਟ ਸਮਾਂ ਲੈਣ ਵਾਲੀ 1509,1692, 1847
1121,1718,1885 ਪੂਸਾ 1401,1886 ਅਤੇ ਪੀ ਬੀ 7 ਉਪਯੁਕਤ ਹਨ ।ਪਰਮਲ ਬੀਜਾਂ ਲਈ ਸੋਧ ਵਾਸਤੇ ਸਪਰਿੰਟ 75 ਡਬਲਿਊ ਐਸ ਦਵਾਈ ਅਤੇ ਬਾਸਮਤੀ ਬੀਜਾਂ ਲਈ ਟਰਾਈਕੋਡਰਮਾ ਅਤੇ ਸੂਡੋਮਨਾਸ ਅਤੇ ਇਫਕੋ ਬਾਇਓ ਕਨਸੋਰਸੀ਼ਆ ਦੀ ਪ੍ਰਤਿ ਕਿੱਲੋ ਬੀਜ ਲਈ 8-10 ਗ੍ਰਾਮ ਮਾਤਰਾ ਕਾਫੀ ਹੈ । ਇਸਤੋਂ ਪਹਿਲਾਂ ਨਿੱਗਰ ਬੀਜ ਹਾਸਿਲ ਕਰਨ ਲਈ ਬੀਜ ਨੂੰ ਲੂਣ ਵਾਲੇ ਪਾਣੀ ਚ ਡੁਬੋ ਕੇ ਸਿਰਫ ਡੁੱਬਿਆ ਰਹਿਣ ਵਾਲਾ ਬੀਜ ਹੀ ਵਰਤੋ ।ਤੈਰਨ ਵਾਲਾ ਬੀਜ ਪਾਸੇ ਕਰ ਦੇਣਾ ਚਾਹੀਦਾ ਹੈ ।ਨਿੱਗਰ ਬੀਜ ਨੂੰ ਲੂਣ ਵਾਲੇ ਪਾਣੀ ਚੋਂ ਕੱਢ ਕੇ ਚੰਗੀ ਤਰਾਂ ਧੋਕੇ ਫਿਰ ਸੋਧਣ ਵਾਲੀਆਂ ਦਵਾਈਆਂ ਲਾਓ ।ਬੀਜ ਮਾਤਰਾ ਪਰਮਲ ਕਿਸਮਾਂ ਲਈ 7-9 ਕਿੱਲੋ ਅਤੇ ਬਾਸਮਤੀ ਲਈ 5-7 ਕਿੱਲੋ ਨਿੱਗਰ ਬੀਜ ਕਾਫੀ ਹੈ । ਜ਼ਿਆਦਾ ਝਾੜ/ਬੂਟਾ ਮਾਰਨ ਵਾਲੀਆਂ ਕਿਸਮਾਂ ਦਾ ਬੀਜ ਘੱਟ ਮਾਤਰਾ ਚ ਵਰਤਣਾ ਹੈ ਤਾਂ ਜੋ ਫੋਕ ਪੱਤਲ ਜ਼ਿਆਦਾ ਨਾ ਆਵੇ ।ਸਿੱਧੀ ਬਿਜਾਈ ਕਰਨ ਦੇ  ਦੋ ਤਰੀਕੇ ਹਨ  ਲੱਕੀ ਸੀਡਰ ਡਰਿੱਲ ਅਤੇ ਡੀ ਐਸ ਆਰ ਡਰਿੱਲ ਪੀ ਏ ਯੂ ਦੇ ਇੰਜੀਨਿਰਿੰਗ ਵਿਭਾਗ ਦੁਆਰਾ ਵਿਕਸਿਤ ਇਹ ਮਸ਼ੀਨ ਤਰ ਵੱਤਰ ਦੇ ਢੁਕਵੇਂ ਹਾਲਾਤਾਂ ਚ ਸਿੱਧੀ ਬਿਜਾਈ ਕਰਨ ਦੀ ਸਭ ਤੋਂ ਵਧੀਆ ਤਕਨੀਕ ਹੈ ਜੋ ਇੱਕ ਹੀ ਵਾਰ ਚ ਬੀਜ ਅਤੇ ਖਾਦ ਕੇਰਦੀ ਅਤੇ ਦਵਾਈ ਸਪਰੇਅ ਕਰ ਦਿੰਦੀ ਹੈ ।ਤਰ ਵੱਤਰ ਬਿਜਾਈ ਸ਼ਾਮ ਵੇਲੇ ਕਰਨੀ ਹੁੰਦੀ ਹੈ ਅਤੇ ਪਹਿਲਾ ਪਾਣੀ 21 ਦਿਨ ਬਾਦ ਲੱਗਦਾ ਹੈ ਉਹ ਵੀ ਮੌਸਮ ਦੇਖ ਕੇ ਪਾਣੀ ਲੇਟ ਲੱਗਣ ਕਰਕੇ ਝੋਨੇ ਚ ਲੋਹੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਆਉਦੀ ਹੈ । ਇਸ ਕੈਂਪ ਨੂੰ ਸਫਲ ਬਣਾਉਣ ਵਿਚ ਬਾਸਮਤੀ ਸੁਪਰਵਾਈਜ਼ਰ ਸਾਹਿਲਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਮਾਡਰਨ ਖੇਤੀ ਸਟੋਰ ਤੱਖਤੂਚੱਕ, ਰਾਜ ਖਾਦ ਸਟੋਰ ਤੱਖਤੂ ਚੱਕ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ  ਕਰਮ ਸਿੰਘ, ਸੁਬੇਗ ਸਿੰਘ, ਹਰਦੇਵ ਸਿੰਘ, ਲਖਬੀਰ ਸਿੰਘ, ਸੁਖਜਿੰਦਰ ਸਿੰਘ, ਸਤਿੰਦਰ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ, ਗੁਰਵੇਲ ਸਿੰਘ, ਦੀਪ ਸਿੰਘ, ਦਲਬੀਰ ਸਿੰਘ, ਰਣਜੋਧ ਸਿੰਘ, ਰਾਮ ਸਿੰਘਅਤੇ ਪਿੰਡ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।