Close

Medical advice to be obtained through COVA App issued by Punjab Government

Publish Date : 03/04/2020
DC

ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਾ ਐਪ ਰਾਹੀਂ ਹਾਸਲ ਕੀਤੀ ਜਾ ਸਕੇਗੀ ਡਾਕਟਰੀ ਸਲਾਹ-ਡਿਪਟੀ ਕਮਿਸ਼ਨਰ
ਆਮ ਲੋਕਾਂ ਤੱਕ ਡਾਕਟਰੀ ਸਹਾਇਤਾ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਕੋਵਾ ਐਪ ਦੇ ਮਾਧਿਅਮ ਨਾਲ ਕਨੈਕਟ-ਟੂ-ਡਾਕਟਰ ਨਾਮ ਤੋਂ ਵਿਸ਼ੇਸ਼ ਹੈਲਪਲਾਈਨ ਜਾਰੀ
ਵਲੰਟੀਅਰ ਵਜੋਂ ਸੇਵਾਵਾਂ ਨਿਭਾਉਣ ਲਈ ਕੋਵਾ ਐਪ ਡਾਊਨਲੋਡ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ
ਤਰਨ ਤਾਰਨ 3 ਅਪ੍ਰੈਲ :
ਪੰਜਾਬ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਜ ਭਰ ਵਿੱਚ ਲਗਾਏ ਗਏ ਕਰਫ਼ਿਊ ਸਬੰਧੀ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ’ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਤੱਕ ਡਾਕਟਰੀ ਸਹਾਇਤਾ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਕੋਵਾ ਐਪ ਦੇ ਮਾਧਿਅਮ ਨਾਲ ਕਨੈਕਟ-ਟੂ-ਡਾਕਟਰ ਨਾਮ ਤੋਂ ਵਿਸ਼ੇਸ਼ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਸੁਵਿਧਾ ਨਾਗਰਿਕਾਂ ਨੂੰ ਦੇਸ਼ ਭਰ ਵਿੱਚ 1800 ਤੋਂ ਵੱਧ ਮਾਹਿਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਵਿੱਚ ਮੱਦਦ ਕਰੇਗੀ ਅਤੇ ਜਨਤਾ ਕੋਵਿਡ-19 ਅਤੇ ਹੋਰ ਚਿੰਤਾਵਾਂ ਸਬੰਧੀ ਡਾਕਟਰੀ ਸਲਾਹ ਪ੍ਰਾਪਤ ਕਰ ਸਕਣਗੇ।ਉਨ੍ਹਾਂ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਮਾਹਿਰ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਵੈ-ਇਛੁੱਕ ਭਾਗੀਦਾਰੀ ਲਈ ਇਸ ਨੇਕ ਉਪਰਾਲੇ ਦਾ ਹਿੱਸਾ ਬਣ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਹਰੇਕ ਵਿਅਕਤੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਕੋਵਾ ਐਪ ਰਾਹੀਂ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਜਾਂ ਸੰਸਥਾ ਸਵੈ-ਇੱਛਾ ਨਾਲ ਰਜਿਸਟਰੇਸ਼ਨ ਕਰਵਾ ਕੇ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਸਕਦੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਰਜਿਸਟਰਡ ਵਲੰਟੀਅਰਾਂ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਵਲੰਟੀਅਰ ਵਜੋਂ ਰਜਿਸਟਰਡ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਵਲੰਟੀਅਰਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਇਨ੍ਹਾਂ ਸੇਵਾਵਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ।ਪਹਿਲੀ ਕੈਟਾਗਿਰੀ ਵਿੱਚ ਕਮਿਊਨਿਟੀ ਰਿਸਪਾਂਸ ਵਲੰਟੀਅਰ ਦੀ ਹੈ, ਜਿਸ ਦੀ ਭੂਮਿਕਾ ਦਵਾਈਆਂ, ਭੋਜਨ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਹੋਵੇਗਾ।ਇਸ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਲਈ ਖਾਣਾ ਬਣਾਉਣ ਦੀ ਸੇਵਾ ਵੀ ਲਈ ਜਾਵੇਗੀ।ਦੂਸਰੀ ਕੈਟਾਗਿਰੀ ਪੇਸ਼ੈਂਟ ਟਰਾਂਸਪੋਰਟ ਵਲੰਟੀਅਰ ਦੀ ਹੈ ਅਤੇ ਇਹ ਵਲੰਟੀਅਰ ਉਨ੍ਹਾਂ ਮਰੀਜ਼ਾਂ ਦੇ ਘਰਾਂ ਤੱਕ ਸੁਰੱਖਿਅਤ ਵਾਹਨ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ਨੂੰ ਮੈਡੀਕਲ ਫਿਟ ਕਰਨ ਦੇ ਬਾਅਦ ਡਿਸਚਾਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਤੀਸਰੀ ਕੈਟਾਗਿਰੀ ਸਰਕਾਰੀ ਟਰਾਂਸਪੋਰਟ ਵਲੰਟੀਅਰ ਦੀ ਹੈ, ਇਨ੍ਹਾਂ ਦੀ ਭੂਮਿਕਾ ਸਰਕਾਰੀ ਸੇਵਾਵਾਂ ਅਤੇ ਹੋਰ ਸਾਈਟਾਂ ਵਿੱਚ ਉਪਕਰਨ, ਸਪਲਾਈ ਅਤੇ ਦਵਾਈਆਂ ਟਰਾਂਸਪੋਰਟ ਦਾ ਕੰਮ ਕਰਨ ਦੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੌਥੀ ਕੈਟਾਗਿਰੀ ਚੈਕ ਇਨ ਅਤੇ ਚੈਟ ਵਲੰਟੀਅਰ ਦੀ ਹੈ, ਇਨ੍ਹਾਂ ਵਲੰਟੀਅਰਾਂ ਦੀ ਭੂਮਿਕਾ ਉਨ੍ਹਾਂ ਵਿਅਕਤੀਆਂ ਨੂੰ ਥੋੜੇ੍ਹ ਸਮੇਂ ਲਈ ਟੈਲੀਫੋਨ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਕਿ ਇਕੱਲੇਪਣ ਅਤੇ ਸੈਲਫ ਆਈਸੋਲੇਸ਼ਨ ਦੇ ਸ਼ਿਕਾਰ ਹਨ ਅਤੇ ਅੰਤਿਮ ਕੈਟਾਗਿਰੀ ਸਾਫਟਵੇਅਰ ਡਿਵੈਲਪਮੈਂਟ ਵਲੰਟੀਅਰ ਦੀ ਹੈ, ਜੋ ਕਿ ਸਰਕਾਰ ਦੀ ਲੋੜ ਅਨੁਸਾਰ ਵੱਖ-ਵੱਖ ਆਈ. ਟੀ. ਪ੍ਰੋਗਰਾਮ ਅਤੇ ਸਾਫਟ ਵੇਅਰ ਵਿੱਚ ਸ਼ਾਮਲ ਹੋਣਗੇ।
————